ਐਸਡੀਐਮ ਵੱਲੋਂ ਗੁਰਦੁਆਰਾ ਚੋਣਾਂ ਦੇ ਮਤਦਾਤਾ ਬਣਨ ਲਈ ਯੋਗ ਨਾਗਰਿਕਾਂ ਨੂੰ 15 ਨਵੰਬਰ ਤੱਕ ਆਪਣੇ ਫ਼ਾਰਮ ਭਰਨ ਦੀ ਅਪੀਲ

  • ਬੂਥ ਸੁਪਰਵਾਈਜ਼ਰਾਂ, ਨੰਬਰਦਾਰਾਂ ਅਤੇ ਪੰਚਾਇਤ ਸਕੱਤਰਾਂ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਨ ਲਈ ਮੀਟਿੰਗ

ਡੇਰਾਬੱਸੀ, 27 ਅਕਤੂਬਰ : ਉਪ ਮੰਡਲ ਡੇਰਾਬੱਸੀ ਦੇ ਐਸ ਡੀ ਐਮ ਅਤੇ ਗੁਰਦੁਆਰਾ ਚੋਣਾਂ ਦੀਆਂ ਵੋਟਾਂ ਲਈ ਰਿਵਾਈਜਿੰਗ ਅਥਾਰਟੀ ਅਫ਼ਸਰ, ਹਿਮਾਂਸ਼ੂ ਗੁਪਤਾ ਨੇ ਅੱਜ ਬੂਥ ਸੁਪਰਵਾਈਜ਼ਰਾਂ, ਨੰਬਰਦਾਰਾਂ ਅਤੇ ਪੰਚਾਇਤ ਸਕੱਤਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਯੋਗ ਲੋਕਾਂ ਨੂੰ ਗੁਰਦੁਆਰਾ ਬੋਰਡ ਚੋਣਾਂ ਵਾਸਤੇ ਮਤਦਾਤਾ ਬਣਨ ਲਈ ਫ਼ਾਰਮ ਭਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਵੋਟਰ ਬਣਨ ਲਈ ਮਤਦਾਤਾ ਬਣਨ ਡੀ ਆਖਰੀ ਮਿਤੀ 15 ਨਵੰਬਰ ਹੈ, ਇਸ ਲਈ ਬਿਨਾਂ ਦੇਰੀ ਚੀਫ਼ ਕਮਿਸ਼ਨਰ, ਗੁਰਦੁਆਰਾ ਚੋਣਾਂ ਵੱਲੋਂ ਪ੍ਰਵਾਨਿਤ ਫ਼ਾਰਮ ਨੰਬਰ 3(1) ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਇਟ ਜਾਂ ਐਸ ਡੀ ਐਮ ਦਫ਼ਤਰ ਤੋਂ ਜਾਂ ਗੂਗਲ ਲਿੰਕ ਤੇ ਸਾਂਝੇ ਕੀਤੇ ਲਿੰਕ ਤੋਂ ਪ੍ਰਿੰਟ ਕਰਵਾਇਆ ਜਾ ਸਕਦਾ ਹੈ, ਭਰ ਕੇ ਸ਼ਹਿਰੀ ਖੇਤਰ ਵਿਚ ਨਗਰ ਕੌਂਸਲ ਦਫ਼ਤਰ ਅਤੇ ਪੇਂਡੂ ਖੇਤਰ ਚ ਪਟਵਾਰੀ ਕੋਲ ਜਮ੍ਹਾਂ ਕਰਵਾਏ ਜਾਣ। ਵੋਟਰ ਫ਼ਾਰਮ ਨਾਲ ਤਾਜ਼ਾ ਰੰਗਦਾਰ ਫ਼ੋਟੋ ਤੋਂ ਇਲਾਵਾ ਅਧਿਕਾਰਿਤ ਪਛਾਣ ਦਸਤਾਵੇਜ਼ਾਂ ਜਿਨ੍ਹਾਂ ਚ ਆਧਾਰ ਕਾਰਡ, ਭਾਰਤ ਚੋਣ ਕਮਿਸ਼ਨ ਦੁਆਰਾ ਜਾਰੀ ਵੋਟਰ ਫ਼ੋਟੋ ਪਛਾਣ ਪੱਤਰ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰ/ਰਾਜ ਸਰਕਾਰ/ਪੀ.ਐਸ.ਯੂ./ਪਬਲਿਕ ਲਿਮਿਟਡ ਦੁਆਰਾ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫ਼ੋਟੋ ਵਾਲੇ ਸੇਵਾ ਪਛਾਣ ਪੱਤਰ, ਬੈਂਕ/ਡਾਕਘਰ ਦੁਆਰਾ ਜਾਰੀ ਕੀਤੀਆਂ ਗਈਆਂ ਫ਼ੋਟੋਆਂ ਵਾਲੀਆਂ ਪਾਸ ਬੁੱਕਾਂ, ਪੈਨ ਕਾਰਡ, ਆਰ ਜੀ ਆਈ ਤਹਿਤ ਐਨ ਪੀ ਆਰ ਦੁਆਰਾ ਜਾਰੀ ਸਮਾਰਟ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤੇ ਗਏ ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਸਮੇਤ ਸਰਕਾਰੀ ਪੈਨਸ਼ਨ ਦਸਤਾਵੇਜ਼, ਸੰਸਦ ਮੈਂਬਰਾਂ/ਵਿਧਾਇਕਾਂ/ਐਮ.ਐਲ.ਸੀ ਨੂੰ ਜਾਰੀ ਕੀਤਾ ਗਿਆ ਅਧਿਕਾਰਿਤ ਪਛਾਣ ਪੱਤਰ, ਸ਼ਾਮਿਲ ਹਨ, ਚੋਂ ਕੋਈ ਇੱਕ ਦਸਤਾਵੇਜ਼ ਲਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 4 ਅਤੇ 5 ਨਵੰਬਰ ਨੂੰ ਵਿਸ਼ੇਸ਼ ਸਰਸਰੀ ਸੁਧਾਈ -2024 ਤਹਿਤ ਲਾਏ ਜਾ ਰਹੇ ਬੂਥ ਪੱਧਰੀ ਕੈਂਪ ਦੌਰਾਨ ਉੱਥੇ ਮੌਜੂਦ ਬੂਥ ਲੈਵਲ ਅਫ਼ਸਰ ਨੂੰ ਵੀ ਇਹ ਫ਼ਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਚ ਇਸ ਬਾਬਤ ਲੋਕ ਜਾਗਰੂਕਤਾ ਲਈ ਅਨਾਊਂਸਮੈਟਾਂ ਵੀ ਕਰਵਾਈਆਂ ਜਾਣ ਬਾਰੇ ਕਿਹਾ ਗਿਆ ਤਾਂ ਜੋ ਵੱਧ ਤੋਂ ਵੱਧ ਯੋਗ ਲੋਕ ਵੋਟਰ ਬਣ ਸਕਣ। ਉਨ੍ਹਾਂ ਸਪੱਸ਼ਟ ਕੀਤਾ ਕਿ ਚੀਫ਼ ਕਮਿਸ਼ਨਰ ਗੁਰਦੁਆਰਾ ਬੋਰਡ ਚੋਣਾਂ ਦੀਆਂ ਹਦਾਇਤਾਂ ਮੁਤਾਬਕ ਫ਼ਾਰਮ ਬੰਡਲ ਦੇ ਰੂਪ ਚ ਨਹੀਂ ਲਏ ਜਾਣਗੇ।