ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨਕਾਂ ਨੇ ਨਰਮੇ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਦਿੱਤੇ ਸੁਝਾਵ

  • ਫਾਜ਼ਿਲਕਾ ਅਤੇ ਅਬੋਹਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਨਰਮੇ ਦੀ ਫਸਲ ਦਾ ਕੀਤਾ ਸਰਵੇਖਣ

ਫਾਜ਼ਿਲਕਾ 21 ਜੂਨ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਐੱਸ.ਐੱਸ. ਗੋਸਲ ਦੀ ਅਗਵਾਈ ਅਤੇ ਪ੍ਰਸਾਰ ਨਿਰਦੇਸ਼ਕ ਡਾ. ਗੁਰਮੀਤ ਸਿੰਘ ਬੁੱਟਰ ਦੇ ਨਿਰਦੇਸ਼ਾਂ ਅਨੁਸਾਰ ਪਿਛਲੇ ਤਿੰਨ ਦਿਨਾਂ ਵਿੱਚ ਪੀ.ਏ.ਯੂ ਦੇ ਫਾਰਮਰ ਸਲਾਹਕਾਰ ਸੇਵਾ ਕੇਂਦਰ ਅਤੇ ਖੇਤਰੀ ਖੋਜ ਕੇਂਦਰ ਅਬੋਹਰ ਦੇ ਵਿਗਿਆਨੀਆਂ ਡਾ. ਅਨਿਲ ਸਾਗਵਾਨ, ਡਾ. ਮਨਪ੍ਰੀਤ ਸਿੰਘ ਅਤੇ ਡਾ. ਜਗਦੀਸ ਅਰੋੜਾ ਨੇ ਅਬੋਹਰ ਅਤੇ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਦੀਵਾਨ ਖੇੜਾ, ਭੰਗਰ ਖੇੜਾ, ਪੰਨੀਵਾਲਾ ਮਾਲਾ, ਝੁੰਮਿਆਵਾਲੀ, ਅਮਰਪੁਰਾ, ਭਾਗੂ, ਸਾਹਪੁਰਾ, ਝੋਟਿਆਵਾਲੀ ਅਤੇ ਬਕੈਨਵਾਲਾ ਦੇ ਵਿੱਚ ਨਰਮੇ ਦੀ ਫਸਲ ਦਾ ਸਰਵੇਖਣ ਕੀਤਾ। ਸਰਵੇਖਣ ਦੀ ਰਿਪੋਰਟ ਅਨੁਸਾਰ ਡਾ. ਜਗਦੀਸ਼ ਅਰੋੜਾ ਨੇ ਦੱਸਿਆ ਕਿ ਨਰਮੇ ਦੀ ਅਗੇਤੀ ਫਸਲ ਦੇ ਅਗੇਤੇ ਫੁੱਲਾਂ ਉੱਪਰ ਗੁਲਾਬੀ ਸੁੰਡੀ ਦਾ ਹੱਲਾ ਹੈ ਪਰ ਇਸ ਤੋਂ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਫਿਰ ਵੀ ਕਿਸਾਨ ਵੀਰ ਲਗਾਤਾਰ ਨਰਮੇ ਦੀ ਫਸਲ ਦਾ ਸਰਵੇਖਣ ਕਰਦੇ ਰਹਿਣ ਤੇ ਗੁਲਾਬੀ ਸੁੰਡੀ ਲਈ ਫਿਰੋਮੇਨ ਟਰੈਪ ਦਾ ਪ੍ਰਯੋਗ ਕਰਨ। ਜਿਨ੍ਹਾਂ ਖੇਤਾਂ ਵਿੱਚ ਫੁੱਲਾਂ ਤੇ ਡੋਡੀਆਂ ਲੱਗਣੀਆਂ ਸ਼ੁਰੂ ਹੋ ਰਹੀਆਂ ਹਨ 5,7 ਦਿਨਾਂ ਦੇ ਅੰਤਰਾਲ ਤੇ ਖੇਤ ਦੇ ਅਲੱਗ-ਅਲੱਗ ਹਿੱਸਿਆਂ ਵਿੱਚ 100 ਫੁੱਲਾਂ ਦੀ ਗਿਣਤੀ ਕਰਨ। ਜੇਕਰ ਗੁਲਾਬਨੁਮਾ (ਰੋਜੇਟ) ਫੁੱਲਾਂ ਦੀ ਸੰਖਿਆ 5 ਜਾਂ ਇਸ ਤੋਂ ਵੱਧ ਹੋਣ ਦੀ ਸਥਿਤੀ ਹੋਵੇ ਤਾਂ ਕੀਟਨਾਸ਼ਕ ਦਵਾਈਆਂ ਜਿਵੇਂ ਕਿ ਕਿਉਰਾਕਰਾਨ (ਪ੍ਰਮੈਨੋਫਾਸ) 500 ਮਿ.ਲਿ, ਪ੍ਰੋਕਲੇਮ (ਐੱਮਏਮੈਕਟੇਨ ਬਿੰਜੋਇਟ) 100 ਗ੍ਰਾਮ, ਅਵਾਂਟ (ਇੰਡੋਕਸਾਕਾਰਬ) 200 ਮਿ.ਲਿ, ਲਾਰਵਿਨ (ਥਾਇਓਡੀਕਾਰਬ) 200 ਗ੍ਰਾਮ. ਜਾਂ ਇੰਥਾਇਨ 800 ਮਿ.ਲਿ. ਦਾ ਪ੍ਰਤੀ ਏਕੜ ਛਿੜਕਾਵ ਕਰਨ। ਜਿਹੜੇ ਨਰਮੇ ਦੀ ਫਸਲ 50 ਤੋਂ 60 ਦਿਨ ਦੀ ਅਵੱਸਥਾ ਜਾਂ ਸਟੇਜ ਤੇ ਹੈ ਉਸ ਤੇ ਵੀ ਗੁਲਾਬੀ ਸੁੰਡੀ ਦੇ ਹੱਲੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਕੀਤੀ ਜਾਵੇ ਤਾਂ ਜੋ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਨੂੰ ਸ਼ੁਰੂਆਤੀ ਅਵੱਸਥਾ ਵਿੱਚ ਖਤਮ ਕੀਤਾ ਜਾ ਸਕੇ। ਡਾ. ਮਨਪ੍ਰੀਤਿ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਸਮੇਂ ਵਿੱਚ ਨਰਮੇ ਦਾ ਵਿਕਾਸ ਕਾਫੀ ਵਧੀਆ ਹੈ ਪਰ ਜਿਹੜੇ ਕਿਸਾਨ ਬਾਰਿਸ਼ ਕਾਰਨ ਖਾਦਾਂ ਦੀ ਵਰਤੋਂ ਨਹੀਂ ਕਰ ਸਕੇ ਉਹ ਇਸ ਪਾਣੀ ਤੇ ਯੂਰੀਆ ਤੇ ਹੋਰ ਲੋੜ ਮੁਤਾਬਿਕ ਖਾਦਾਂ ਦੀ ਵਰਤੋਂ ਜ਼ਰੂਰ ਕਰਨ ਤਾਂ ਜੋ ਪੌਦੇ ਦੀ ਸਿਹਤ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਨੇ ਸਰਵੇਖਣ ਦੌਰਾਨ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਕੁਝ ਥਾਵਾਂ ਤੇ ਹਲਕੀਆਂ ਦਰਮਿਆਨੀਆਂ ਜਮੀਨਾਂ ਵਿੱਚ ਪਾਣੀ ਲਗਾਉਣ ਤੋਂ ਬਾਅਦ ਅਚਾਨਕ ਪੌਦੇ ਸੁੱਕਣ ਦੀ ਸਮੱਸਿਆ (ਪੈਰਾਵਿਲਟ) ਆਉਂਦੀ ਹੈ ਤਾਂ ਕਿਸਾਨ ਅਜਿਹੇ ਹਲਾਤਾਂ ਵਿੱਚ ਕੋਬਾਲਟ ਕਲੋਰਾਇਡ 1 ਗ੍ਰਾਮ 100 ਲੀਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੀ ਸ਼ੁਰੂਆਤੀ ਅਵੱਸਥਾਂ ਵਿੱਚ ਸਪਰੇਅ ਕਰ ਸਕਦੇ ਹਨ।
ਡਾ. ਅਨਿਲ ਸਾਗਵਾਨ ਨੇ ਕਿਸਾਨਾਂ ਨੂੰ ਨਰਮੇ ਦੀ ਸਮੱਸਿਆ ਤੋਂ ਨਜਿੱਠਣ ਲਈ ਅਪੀਲ ਕਰਦਿਆ ਕਿਹਾ ਕਿ ਉਹ ਵੱਧ ਤੋਂ ਵੱਧ ਆਪਣੇ ਇਲਾਕੇ ਦੇ ਖੇਤੀਬਾੜੀ ਅਫਸਰ, ਫਾਰਮਰ ਸਲਾਹਕਾਰ ਸੇਵਾ ਕੇਂਦਰ ਅਤੇ ਖੇਤਰੀ ਖੋਜ ਕੇਂਦਰ ਦੇ ਵਿਗਿਆਨਕਾਂ ਨਾਲ ਤਾਲਮੇਲ ਰੱਖਣ ਤਾਂ ਜੋ ਸਮੇਂ ਸਮੇਂ ਸਿਰ ਨਰਮੇ ਦੀ ਫਸਲ ਦੀਆ ਸਮੱਸਿਆਵਾਂ ਦਾ ਯੋਗ ਪ੍ਰੀਖਣ ਕੀਤਾ ਜਾ ਸਕੇ।