ਗੈਂਗਸਟਰ ਟੀਨੂੰ ਨੂੰ ਭਜਾਉਣ ਵਾਲੇ ਸੀਆਈਏ ਮਾਨਸਾ ਦੇ ਬਰਖਾਸਤ ਇੰਚਾਰਜ ਨੂੰ ਮਿਲੀ ਜ਼ਮਾਨਤ

  • ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਪੁਲੀਸ ਹਿਰਾਸਤ ’ਚੋਂ ਹੋਇਆ ਸੀ ਫਰਾਰ

ਮਾਨਸਾ, 17 ਨਵੰਬਰ : ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਇੱਕ ਮੁਲਜ਼ਮ ਦੀਪਕ ਟੀਨੂੰ ਨੂੰ ਪੁਲੀਸ ਗਿ੍ਰਫ਼ਤ ’ਚੋਂ ਭਜਾਉਣ ਵਾਲੇ ਸੀਆਈਏ ਮਾਨਸਾ ਦੇ ਬਰਖਾਸਤ ਇੰਚਾਰਜ ਪਿ੍ਰਤਪਾਲ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। ਉਸ ਨੂੰ ਇਹ ਜ਼ਮਾਨਤ 25 ਜਨਵਰੀ ਤੱਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੀ ਗਈ ਹੈ। ਉਹ ਇਸ ਵੇਲੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਸਨ। ਇਥੇ ਜ਼ਿਕਰਯੋਗ ਹੈ ਕਿ ਮਾਨਸਾ ਦੇ ਸੀਆਈਏ ਸਟਾਫ਼ ਤੋਂ ਗੈਂਗਸਟਰ ਦੀਪਕ ਟੀਨੂੰ ਇਸੇ ਸਾਲ 31 ਅਗਸਤ ਦੀ ਰਾਤ ਨੂੰ ਭੱਜਣ ਵਿੱਚ ਸਫ਼ਲ ਹੋ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਪੁਲੀਸ ਵੱਲੋਂ ਉਸ ਦੇ ਭੱਜਣ ਲਈ ਇੱਕ ਵਿਸ਼ੇਸ ਕਮੇਟੀ ਬਣਾਈ ਗਈ, ਜਿਸ ਦੀ ਰਿਪੋਰਟ ਤੋਂ ਬਾਅਦ ਪੰਜਾਬ ਦੇ ਡੀਜੀਪੀ ਨੇ ਸੀਆਈਏ ਇੰਚਾਰਜ ਪਿ੍ਰਤਪਾਲ ਸਿੰਘ ਨੂੰ ਬਰਖਾਸਤ ਕਰਕੇ, ਉਸਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚੋਂ ਜ਼ਮਾਨਤ ਮਿਲਣ ਤੋਂ ਪਹਿਲਾਂ ਪਿ੍ਰਤਪਾਲ ਸਿੰਘ ਨੇ ਮਾਨਸਾ ਦੀ ਇੱਕ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ, ਪ੍ਰੰਤੂ ਉਸਦੀ ਅਰਜ਼ੀ ਨੂੰ ਮਾਨਸਾ ਦੀ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ। ਗੈਂਗਸਟਰ ਦੀਪਕ ਟੀਨੂੰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਉਤੇ ਪੰਜਾਬ ਤੋਂ ਇਲਾਵਾ ਹਰਿਆਣਾ,ਚੰਡੀਗੜ੍ਹ,ਰਾਜਸਥਾਨ, ਦਿੱਲੀ ’ਚ ਕਤਲ ਅਤੇ ਕਤਲ ਦੇ ਯਤਨਾਂ ਸਮੇਤ 35 ਤੋਂ ਵੱਧ ਕੇਸ ਦਰਜ ਹਨ। ਉਹ 2017 ਤੋਂ ਜੇਲ੍ਹ ਵਿੱਚ ਬੰਦ ਹੈ, ਉਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ। ਉਸਦੇ ਮਾਨਸਾ ਤੋਂ ਸੀਆਈਏ ਥਾਣੇ ’ਚੋਂ ਫਰਾਰ ਹੋਣ ਵੇਲੇ ਪੰਜਾਬ ਪੁਲੀਸ ਦੀ ਇੱਕ ਵੱਡੀ ਬਦਨਾਮੀ ਹੋਈ ਸੀ। ਇਸ ਨੂੰ ਪੰਜਾਬ ਤੋਂ ਬਾਹਰਲੇ ਸੂਬੇ ਦੀ ਪੁਲੀਸ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਪੁਲੀਸ ਵੱਲੋਂ ਮਾਨਸਾ ਦੇ ਸੀਆਈਏ ਥਾਣੇ ਲਿਆਕੇ ਉਸਤੋਂ ਭੱਜਣ ਦੀ ਕਹਾਣੀ ਬਾਰੇ ਪੁੱਛਗਿੱਛ ਕੀਤੀ ਗਈ ਸੀ।