ਰੋਪੜ ‘ਚ ਨੌਜਵਾਨ ਨੇ ਕੁੜੀ ਨਾਲ ਮਿਲ ਕੇ ਨਹਿਰ ਵਿਚ ਮਾਰੀ ਛਾਲ, ਦੋਵਾਂ ਦੀ ਮੌਤ

ਰੋਪੜ, 27 ਅਕਤੂਬਰ : ਰੋਪੜ ਗਾਰਡਨ ਕਲੋਨੀ ਦੇ ਵਸਨੀਕ ਇੱਕ ਨੌਜਵਾਨ ਅਤੇ ਇੱਕ ਕੁੜੀ ਨੇ ਸ਼ੱਕੀ ਹਾਲਾਤਾਂ ਵਿੱਚ ਪਿੰਡ ਮਾਜਰੀ ਪੁਲ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਵਾਂ ਨੂੰ ਨਹਿਰ ਵਿੱਚੋਂ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਦੁਪਹਿਰ ਕਰੀਬ 3 ਵਜੇ ਵਾਪਰੀ। ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਮੁੰਡੇ ਨੇ ਆਪਣੇ ਇੱਕ ਦੋਸਤ ਨੂੰ ਵੀ ਬੁਲਾਇਆ ਸੀ, ਜਿਸ ਤੋਂ ਬਾਅਦ ਦੋਵਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਮੁੰਡੇ-ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਕਰੀਬ ਅੱਧੇ ਘੰਟੇ ਬਾਅਦ ਦੋਵਾਂ ਦੀਆਂ ਦੇਹਾਂ ਅੱਧਾ ਕਿਲੋਮੀਟਰ ਦੀ ਦੂਰੀ ਤੋਂ ਬਰਾਮਦ ਕਰਕੇ ਸਿਵਲ ਹਸਪਤਾਲ ਪਹੁੰਚਾਈਆਂ ਗਈਆਂ। ਦੱਸ ਦਈਏ ਕਿ ਦੋਹਾਂ ਵੱਲੋਂ ਜਾਨ ਦੇਣ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਡਾ-ਕੁੜੀ ਦੋਵੇਂ ਇੱਕੋ ਕਲੋਨੀ ਵਿੱਚ ਰਹਿੰਦੇ ਸਨ। ਬੀਤੇ ਦਿਨ ਕੁੜੀ ਦਾ ਜਨਮ ਦਿਨ ਸੀ ਅਤੇ ਮੁੰਡੇ ਨੇ ਵਧੀਆ ਤਰੀਕੇ ਨਾਲ ਮਨਾਇਆ ਸੀ। ਇਸ ਘਟਨਾ ਸਬੰਧੀ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਭਾਖੜਾ ਨਹਿਰ ਵਿੱਚ ਮੁੰਡਾ ਤੇ ਕੁੜੀ ਨੇ ਛਾਲ ਮਾਰ ਦਿੱਤੀ ਹੈ ਤੇ ਦੋਹਾਂ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।