15 ਫਰਵਰੀ ਤੱਕ ਮਨਾਇਆ ਜਾਵੇਗਾ ਸੜਕ ਸੁਰੱਖਿਆ ਮਹੀਨਾ : ਡਿਪਟੀ ਕਮਿਸ਼ਨਰ

  • ਸੜਕ ਸੁਰੱਖਿਆ ਮਹੀਨੇ ਦੌਰਾਨ ਕਰਵਾਈਆਂ ਜਾਣਗੀਆਂ ਵੱਖ-ਵੱਖ ਗਤੀਵਿਧੀਆਂ
  • ਜੀ.ਟੀ. ਰੋਡ ਤੇ ਗਲਤ ਸਾਇਡ ਤੋਂ ਆਉਣ ਵਾਲੇ ਵਾਹਨਾਂ ਖਿਲਾਫ ਕੀਤੀ ਜਾਵੇਗੀ ਕਾਰਵਾਈ
  • ਮੁੱਖ ਸੜਕਾਂ ਤੇ ਬਣਾਏ ਗਏ ਅਣ-ਅਧਿਕਾਰਤ ਕੱਟਾਂ ਨੂੰ ਕੀਤਾ ਜਾਵੇਗਾ ਬੰਦ
  • ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨਾਲ ਬੱਚਤ ਭਵਨ ਵਿਖੇ ਸੜਕ ਸੁਰੱਖਿਆ ਮਾਂਹ ਸਬੰਧੀ ਕੀਤੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 23 ਜਨਵਰੀ : ਆਮ ਲੋਕਾਂ ਨੂੰ ਵੱਧ ਰਹੇ ਸੜਕ ਹਾਦਸਿਆਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਮੰਤਵ ਨਾਲ 15 ਫਰਵਰੀ ਤੱਕ ਸੜਕ ਸੁਰੱਖਿਆ ਮਾਂਹ ਮਨਾਇਆ ਜਾਵੇਗਾ ਤਾਂ ਜੋ ਸੜਕ ਹਾਦਸਿਆਂ ਵਿੱਚ ਜਾਂਦੀਆਂ ਅਨਮੋਲ ਮਨੁੱਖੀ ਜਾਨਾਂ ਨੂੰ ਰੋਕਿਆ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਬੱਚਤ ਭਵਨ ਵਿਖੇ ਸੜਕ ਸੁਰੱਖਿਆ ਮਾਂਹ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਾਂਹ ਦੌਰਾਨ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਛੋਟੀ ਉਮਰ ਤੋਂ ਹੀ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ ਹੋ ਕੇ ਸੜਕੀ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਟਰੈਫਿਕ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਸਕੂਲਾਂ, ਕਾਲਜਾਂ, ਬੱਸ ਸਟੈਂਡ, ਟਰੱਕ ਯੂਨੀਅਨ, ਟੈਂਪੂ ਯੂਨੀਅਨਾਂ ਵਿਖੇ ਜਾਗਰੂਕਤਾ ਕੈਂਪ ਲਗਾਏ ਜਾਣਗੇ ਤੇ ਸਿਹਤ ਵਿਭਾਗ ਵੱਲੋਂ ਸਕੂਲੀ ਬੱਸਾਂ ਤੇ ਜਨਤਕ ਵਾਹਨਾਂ ਦੇ ਡਰਾਈਵਰਾਂ ਦੀ ਨਜ਼ਰ ਚੱਕ ਕਰਨ ਵਾਸਤੇ ਮੈਡੀਕਲ ਕੈਂਪ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸੜਕੀ ਦੁਰਘਟਨਾਵਾਂ ਅੱਜ ਇੱਕ ਗੰਭੀਰ ਮੁੱਦਾ ਬਣ ਕੇ ਸਾਹਮਣੇ ਆ ਰਿਹਾ ਹੈ ਅਤੇ ਅਕਸਰ ਸੜਕ ਹਾਦਸੇ ਟਰੈਫਿਕ ਨਿਯਮਾਂ ਦੀ ਅਣਦੇਖੀ ਕਾਰਨ ਹੀ ਵਾਪਰਦੇ ਹਨ ਇਸ ਲਈ ਇਸ ਮਾਂਹ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਮਿਲ ਕੇ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫਸਰਾਂ ਨੂੰ ਕਿਹਾ ਕਿ ਸਟਰੀਟ ਲਾਇਟਾਂ ਚਾਲੂ ਰੱਖਣ ਵਿੱਚ ਅਣਗਹਿਲੀ ਨਾ ਵਰਤੀ ਜਾਵੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਹ ਆਦੇਸ਼ ਵੀ ਦਿੱਤੇ ਕਿ ਜੀ.ਟੀ. ਰੋਡ ਸਮੇਤ ਮੁੱਖ ਸੜਕਾਂ ਤੇ ਬਣਾਏ ਅਣ-ਅਧਿਕਾਰਤ ਕੱਟਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਉਨ੍ਹਾਂ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੀ.ਟੀ. ਰੋਡ ਤੇ ਗਲਤ ਸਾਇਡ ਤੋਂ ਆਉਣ ਵਾਲੇ ਵਾਹਨਾਂ ਤੇ ਓਵਰ ਲੋਡਿੰਗ ਵਾਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੇ ਵਾਹਨਾਂ ਕਾਰਨ ਸੜਕੀ ਹਾਦਸੇ ਨਾ ਵਾਪਰ ਸਕਣ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਕੂਲੀ ਬੱਚਿਆਂ ਦੇ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਭਾਸ਼ਣ, ਲੇਖ ਲਿਖਣ ਤੇ ਪੋਸਟਰ ਮੇਕਿੰਗ ਆਦਿ ਦੇ ਮੁਕਾਬਲੇ ਕਰਵਾਏ ਜਾਣ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਸਿੰਗਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਰਿੰਦਰ ਸਿੰਘ ਧਾਲੀਵਾਲ, ਐਸ.ਪੀ. (ਡੀ) ਸ਼੍ਰੀ ਰਾਕੇਸ਼ ਯਾਦਵ, ਸਹਾਇਕ ਕਮਿਸ਼ਨਰ ਸ਼੍ਰੀਮਤੀ ਮਨਦੀਪ ਕੌਰ, ਮੁੱਖ ਮੰਤਰੀ ਦੇ ਫੀਲਡ ਅਫਸਰ ਸ਼੍ਰੀ ਅਭਿਸ਼ੇਕ ਸ਼ਰਮਾ, ਡੀ.ਡੀ.ਪੀ.ਓ. ਸ਼੍ਰੀ ਹਿਤੇਨ ਕਪਿਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।