ਰਿਵਾਈਜਿੰਗ ਅਥਾਰਟੀ 75-ਸਮਰਾਲਾ ਵਲੋਂ ਐਸ.ਜੀ.ਪੀ.ਸੀ. ਚੋਣ ਪ੍ਰਕਿਰਅਿਾ ਤਹਿਤ 15 ਨਵੰਬਰ ਤੱਕ ਕੀਤੀ ਜਾਵੇਗੀ ਵੋਟਰਾਂ ਦੀ ਰਜਿਸਟਰੇਸ਼ਨ

  • ਵੋਟਰ ਸੂਚੀ ਸਬੰਧੀ ਦਾਅਵੇ ਅਤੇ ਇਤਰਾਜ਼ 26 ਦਸੰਬਰ ਤੱਕ ਲਏ ਜਾਣਗੇ
  • ਬਿਨੈਕਾਰਾਂ ਪਾਸੋ ਫਾਰਮ ਪ੍ਰਾਪਤ ਕਰਦੇ ਸਮੇ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ

ਸਮਰਾਲਾ, 25 ਅਕਤੂਬਰ : ਰਿਵਾਈਜਿੰਗ ਅਥਾਰਟੀ 75-ਸਮਰਾਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ-2023-ਕਮ-ਤਹਿਸੀਲਦਾਰ ਸਮਰਾਲਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀ ਚੋਣ ਪ੍ਰਕਿਰਿਆ ਤਹਿਤ 21 ਅਕਤੂਬਰ ਤੋਂ 15 ਨਵੰਬਰ ਤੱਕ ਵੋਟਰਾਂ ਦੀ ਰਜਿਸਟਰੇਸ਼ਨ ਕੀਤੀ ਜਾਣੀ ਹੈ ਅਤੇ ਵੋਟਰ ਸੂਚੀ ਸਬੰਧੀ ਦਾਅਵੇ ਅਤੇ ਇਤਰਾਜ਼ 26 ਦਸੰਬਰ, 2023 ਤੱਕ ਲਏ ਜਾਣੇ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀ ਚੋਣ ਪ੍ਰਕਿਰਿਆ ਲਈ ਸਭ ਤੋਂ ਪਹਿਲਾਂ ਮੁੱਢਲੇ ਕੰਮ ਵਜੋਂ ਇਸ ਜ਼ਿ਼ਲੇ ਨਾਲ ਸਬੰਧਤ ਸਮੂਹ ਗੁਰਦੁਆਰਾ ਬੋਰਡ ਚੋਣ ਹਲਕਿਆਂ ਵਿੱਚ ਵੋਟਰ ਸੂਚੀ ਦੀ ਤਿਆਰੀ ਦੇ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਣਾ ਹੈ। ਰਿਵਾਈਜਿੰਗ ਅਥਾਰਟੀ 75-ਸਮਰਾਲਾ ਵਲੋਂ ਦੱਸਿਆ ਗਿਆ ਕਿ 75-ਸਮਰਾਲਾ ਬੋਰਡ ਚੋਣ ਹਲਕੇ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੇ ਚੋਣ ਹਲਕੇ ਵਿੱਚੋਂ ਬਿਨੈਕਾਰਾਂ ਪਾਸੋਂ ਦਾਆਵੇ/ਇਤਰਾਜ ਪ੍ਰਾਪਤ ਕੀਤੇ ਜਾਣੇ ਹਨ ਅਤੇ ਅਖੀਰ ਵਿੱਚ ਮੁਕੰਮਲ ਵੋਟਰ ਸੂਚੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਅਧਿਕਾਰੀਆ/ਕਰਮਚਾਰੀਆ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਿਨੈਕਾਰਾਂ ਪਾਸੋ ਫਾਰਮ ਪ੍ਰਾਪਤ ਕਰਦੇ ਸਮੇ ਸਡਿਊਲ/ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ ਅਤੇ ਵੱਖ-ਵੱਖ ਨੁਕਤਿਆਂ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾ ਦੱਸਿਆ ਕਿ ਪੇਂਡੂ ਖੇਤਰਾ ਲਈ ਸਬੰਧਤ ਪਟਵਾਰੀ ਅਤੇ ਸ਼ਹਿਰੀ ਖੇਤਰਾ ਲਈ ਸਬੰਧਤ ਕਾਰਜ ਸਾਧਕ ਅਫਸਰ ਬਿਨੈਕਾਰਾਂ ਪਾਸੋ ਫਾਰਮ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਸਿਰਫ ਉਨ੍ਹਾਂ ਬਿਨੈਕਾਰਾ ਪਾਸੋ ਹੀ ਫਾਰਮ ਪ੍ਰਾਪਤ ਕੀਤੇ ਜਾਣ, ਜੋ ਸਿੱਖ ਗੁਰਦਆਰਾ ਬੋਰਡ 1959 ਦੇ ਰੂਲ 3 ਤਹਿਤ ਫਾਰਮ ਨੰ: 1 ਅਨੁਸਾਰ ਸ਼ਰਤਾਂ ਪੂਰੀਆ ਕਰਦੇ ਹਨ। ਫਾਰਮ ਨੰ: 1 ਪ੍ਰਾਪਤ ਕਰਨ ਸਮੇ ਇਸ ਵੱਲ ਖਾਸ ਧਿਆਨ ਦਿੱਤਾ ਜਾਵੇ ਕਿ ਵੋਟਰ ਦੀ ਉਮਰ 21 ਸਾਲ ਤੋ ਘੱਟ ਨਾ ਹੋਵੇ। ਉਨ੍ਹਾ ਸਪੱਸ਼ਟ ਕੀਤਾ ਕਿ ਬਿਨੈਕਾਰ ਪਾਸੋ ਫਾਰਮ ਨਿੱਜੀ ਤੌਰ ਤੇ ਹੀ ਪ੍ਰਾਪਤ ਕੀਤੇ ਜਾਣ, ਬੰਡਲਾਂ ਦੇ ਰੂਪ ਵਿੱਚ ਬਿਲਕੁੱਲ ਨਾ ਪ੍ਰਾਪਤ ਕੀਤੇ ਜਾਣ। ਫਾਰਮ ਦੇ ਨਾਲ ਆਧਾਰ ਕਾਰਡ/ਵੋਟਰ ਕਾਰਡ ਦੀ ਕਾਪੀ ਅਤੇ ਜਾਤੀ ਸਰਟੀਫਿਕੇਟ ਦੀ ਕਾਪੀ ਵੀ ਲੈ ਲਈ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਪੇਂਡੂ ਖੇਤਰਾਂ ਲਈ ਸਬੰਧਤ ਪਟਵਾਰੀਆ ਵੱਲੋ ਲਏ ਗਏ ਫਾਰਮਾ ਨੂੰ ਸਰਕਾਰ ਦੀਆ ਹਦਾਇਤਾ ਅਨੁਸਾਰ ਚੈੱਕ/ਪ੍ਰਾਪਤ ਕਰਨ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਮਰਾਲਾ/ਮਾਛੀਵਾੜਾ ਅਤੇ ਸ਼ਹਿਰੀ ਖੇਤਰਾਂ ਲਈ ਕਾਰਜ ਸਾਧਕ ਅਫਸਰ ਸਮਰਾਲਾ/ਮਾਛੀਵਾੜਾ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਅਤੇ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਮੂਹ ਅਧਿਕਾਰੀਆ/ਕਰਮਚਾਰੀਆ ਪਾਸੋ ਪ੍ਰਾਪਤ ਕੀਤੇ ਗਏ ਫਾਰਮਾ ਦੀ ਡਿਟੇਲ ਰੋਜ਼ਾਨਾ ਸ਼ਾਮ 3:00 ਵਜੇ ਤੱਕ ਨਿਮਨਹਸਤਾਖਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ, ਤਾਂ ਜੋ ਰਿਪੋਰਟ ਸੰਕਲਤ ਕਰਨ ਉਪਰੰਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਨੂੰ ਭੇਜੀ ਜਾ ਸਕੇ। ਉਨ੍ਹਾਂ ਕਾਰਜ ਸਾਧਕ ਅਫਸਰ ਸਮਰਾਲਾ/ਮਾਛੀਵਾੜਾ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਮਰਾਲਾ/ਮਾਛੀਵਾੜਾ ਨੂੰ ਹਿਦਾਇਤ  ਕਰਦਿਆਂ ਕਿਹਾ ਕਿ ਆਪਣੇ ਆਪਣੇ ਪਿੰਡਾ/ਸ਼ਹਿਰਾਂ ਨਾਲ ਸਬੰਧਤ ਖੇਤਰਾਂ ਵਿੱਚ ਮੁਨਾਦੀ ਕਰਵਾਈ ਜਾਵੇ ਅਤੇ ਵੱਧ ਤੋ ਵੱਧ ਲੋਕਾ ਨੂੰ ਵੋਟਾਂ ਬਣਾਉਣ ਦੀ ਪ੍ਰਕਿਰਿਆ ਸਬੰਧੀ ਜਾਣੂ ਕਰਵਾਇਆ ਜਾਵੇ।