ਚੋਣਾਂ ਦੀਆਂ ਤਿਆਰੀਆਂ ਸਬੰਧੀ ਵੱਖ ਵੱਖ ਕੰਮਾਂ ਦੀ ਕੀਤੀ ਗਈ ਸਮੀਖਿਆ 

ਬਰਨਾਲਾ, 15 ਨਵੰਬਰ : ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਹੇਠ ਹਰਜਿੰਦਰ ਕੌਰ, ਤਹਿਸਲੀਦਾਰ ਚੋਣਾਂ ਦੀ ਵੱਲੋਂ ਜ਼ਿਲ੍ਹਾ ਪਧੱਰੀ ਸਵੀਪ ਟੀਮ, ਜ਼ਿਲ੍ਹਾ ਬਰਨਾਲਾ ਦੇ ਤਿੰਨੋ ਵਿਧਾਨ ਸਭਾ ਚੋਣ ਹਲਕਿਆਂ ਦੇ ਸਵੀਪ ਨੋਡਲ ਅਫਸਰ ਅਤੇ ਟੀਮ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ-ਕਮ-ਨੋਡਲ ਅਫਸਰ ਦਿਵਿਯਾਂਗ ਵੋਟਰਾਂ ਲਈ ਬਰਨਾਲਾ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਵੀਪ ਤਹਿਤ ਨੌਜਵਾਨਾਂ, ਇਸਤਰੀਆਂ, ਦਿਵਿਆਂਗ ਅਤੇ ਟਰਾਂਸਜੈਂਡਰਾਂ ਦੀ ਬਤੌਰ ਵੋਟਰ ਰਜਿਸਟਰੇਸ਼ਨ ਵਧਾਉਣ ਅਤੇ ਉਨਾਂ ਨੂੰ ਵੋਟ ਦੀ ਮਹੱਤਤਾ ਸਮਝਾਉਣ ਸਬੰਧੀ ਵੱਖ-ਵੱਖ ਸਵੀਪ ਗਤੀਵਿਧੀਆਂ ਕਰਵਾਈਆਂ ਜਾਣੀਆਂ ਹਨ । ਇਸ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਜ਼ਿਲ੍ਹੇ ਵਿਚਲੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਆਪਣੇ ਅਧੀਨ ਆਉਂਦੇ ਸੁਪਰਵਾਈਜਰਾਂ, ਬੀ.ਐਲ.ਓਜ., ਵਿਧਾਨ ਸਭਾ ਚੋਣ ਹਲਕਾ ਪੱਧਰ ਦੇ ਸਵੀਪ ਨੋਡਲ ਅਫ਼ਸਰਾਂ ਅਤੇ ਪੋਲਿੰਗ ਸਟੇਸ਼ਨ ਪੱਧਰ ’ਤੇ ਬਣਾਏ ਗਏ ਇਲੈਕਟੋਰਲ ਲਿਟਰੇਸੀ ਕਲੱਬਾਂ ਰਾਹੀਂ ਨੌਜਵਾਨ ਲੜਕੇ/ਲੜਕੀਆਂ ਨੂੰ ਰਾਸ਼ਟਰੀ ਵੋਟਰ ਸਰਵਿਸ ਪੋਰਟਲ ’ਤੇ ਆਨਲਾਈਨ ਵੋਟ ਬਣਾਉਣ ਲਈ ਜਾਗਰੂਕ ਕਰਨਗੇ । ਆਪਣੇ ਚੋਣ ਹਲਕੇ ਵਿੱਚ ਸ਼ਾਮਿਲ ਆਈ.ਟੀ.ਆਈ. ਸੰਸਥਾਵਾਂ/ ਪੋਲੀਟੈਕਨਿਕ ਕਾਲਜਾਂ /ਨਰਸਿੰਗ ਕਾਲਜਾਂ, ਆਈਲੈਟਸ ਸੈਂਟਰਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਨੌਜਵਾਨਾਂ ਨੂੰ ਵੋਟਾਂ ਦੀ ਮਹੱਤਤਾ ਸਮਝਾਉਂਦੇ ਹੋਏ ਬਤੌਰ ਵੋਟਰ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਨ ਲਈ ਕਿਹਾ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ, ਬਰਨਾਲਾ ਜ਼ਿਲ੍ਹੇ ਦੇ ਸਮੂਹ ਸਮਾਜ ਸੇਵੀ ਸੰਸਥਾਵਾਂ ਨਾਲ ਤਾਲਮੇਲ ਕਰਕੇ ਨੌਜਵਾਨਾਂ, ਇਸਤਰੀਆਂ, ਦਿਵਿਆਂਗ ਅਤੇ ਟਰਾਂਸਜੈਂਡਰਾਂ ਦੀ ਬਤੌਰ ਵੋਟਰ ਰਜਿਸਟਰੇਸ਼ਨ ਵਧਾਉਣ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚਲੇ ਬੇਰੁਜ਼ਗਾਰ ਨੌਜਵਾਨ, ਜੋ ਹਾਲਾਂ ਤੱਕ ਵੋਟ ਬਣਨ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੌਜਵਾਨਾਂ ਨੂੰ ਆਨਲਾਈਨ ਵੋਟ ਬਣਾਉਣ ਲਈ ਫਾਰਮ ਵੈਬਸਾਇਟ www.voters.eci.gov.in ਤੇ ਜਾਂ ਵੋਟਰ ਹੈਲਪ ਲਾਈਨ ਐਪ ਤੇ ਆਨ ਲਾਈਨ ਅਪਲਾਈ ਕਰਨ ਲਈ ਜਾਗਰੂਕ ਕਰਵਾਉਣਗੇ ਅਤੇ ਵੋਟ ਦੀ ਮਹੱਤਤਾ ਬਾਰੇ ਵੀ ਸਮਝਾਉਣਗੇ । ਉਨ੍ਹਾਂ ਦੱਸਿਆਂ ਕਿ ਵੋਟਾਂ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਟੋਲ ਫਰੀ ਹੇਲਪਲਾਇਨ ਨੰਬਰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ । ਸ੍ਰੀਮਤੀ ਹਰਜਿੰਦਰ ਕੌਰ, ਤਹਿਸੀਲਦਾਰ ਚੋਣਾਂ ਨੇ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਅਜਿਹੇ ਨੌਜਵਾਨ ਜਿਨ੍ਹਾਂ ਦਾ ਉਮਰ 1 ਜਨਵਰੀ 2024 ਨੂੰ 18 ਤੋਂ 19/20 ਸਾਲ ਦੀ ਹੋ ਗਈ ਹੈ , ਉਨ੍ਹਾਂ ਨੇ ਹਾਲੇ ਤੱਕ ਆਪਣੀ ਵੋਟਰ ਰਜਿਸਟਰੇਸ਼ਨ ਨਹੀਂ ਕਰਵਾਈ ਹੈ, ਉਹ ਆਨਲਾਈਨ ਵਿਧੀ ਦਾ ਵੱਧ ਤੋਂ ਵੱਧ ਉਪਯੋਗ ਕਰਕੇ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਪੋਰਟਲ ’ਤੇ ਲਾਗ ਆਨ ਕਰਕੇ ਫਾਰਮ ਨੰਬਰ-6 ਨਾਲ ਆਪਣੀ ਵੋਟ ਅਪਲਾਈ ਕਰਨ ਅਤੇ ਭਾਰਤ ਦੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਆਪਣਾ ਫਰਜ਼ ਨਿਭਾਉਣ।