ਜ਼ਿਲ੍ਹੇ ਨੂੰ 100 ਫ਼ੀਸਦੀ ਓ.ਡੀ.ਐਫ ਪਲੱਸ ਕਰਨ ਲਈ ਸਮੀਖਿਆ ਮੀਟਿੰਗ

  • ਤਿੰਨ ਕਰੋੜ 81 ਲੱਖ 11 ਹਜ਼ਾਰ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੇ 176 ਪਿੰਡਾਂ ਵਿੱਚ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਸੋਲਿਡ ਵੇਸਟ ਮੈਨੇਜਮੈਂਟ ਅਤੇ ਲਿਕਵਿਡ ਵੇਸਟ ਮੈਨੇਜਮੈਂਟ ਦੇ ਪ੍ਰੋਜੈਕਟ ਉਲੀਕੇ ਗਏ-ਏ.ਡੀ.ਸੀ

ਮਾਲੇਰਕੋਟਲਾ 13 ਸਤੰਬਰ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਸੁਰਿੰਦਰ ਸਿੰਘ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਜ਼ਿਲ੍ਹਾ ਮਾਲੇਰਕੋਟਲਾ ਨੂੰ ਓ.ਡੀ.ਐਫ (ਖੁੱਲ੍ਹੇ ਵਿਚ ਸੋਚ ਮੁਕਤ) ਤੋਂ 100 ਫ਼ੀਸਦੀ ਓ.ਡੀ.ਐਫ ਪਲੱਸ ਕਰਨ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਮਗਨਰੇਗਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆ ਉਨ੍ਹਾਂ ਕਿਹਾ ਕਿ ਸਵੱਛ ਭਾਰਤ ਗ੍ਰਾਮੀਣ ਦੇ ਪਹਿਲੇ ਪੜਾਅ ਅਧੀਨ ਮਾਲੇਰਕੋਟਲਾ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਨੂੰ ਖੁੱਲ੍ਹੇ ‘ਚ ਸੋਚ ਜਾਣ ਤੋਂ ਮੁਕਤ ਐਲਾਨੇ ਜਾਣ ਬਾਅਦ ਹੁਣ ਇਨ੍ਹਾਂ ਪਿੰਡਾਂ ਦੇ ਲੋਕ ਅਗਲੇ ਪੜਾਅ ਤਹਿਤ ਓ.ਡੀ.ਐਫ. ਪਲੱਸ ਦਾ ਦਰਜਾ ਦਿਵਾਉਣ ਲਈ ਅੱਗੇ ਵੱਧ ਰਹੇ ਹਾਂ । ਉਨ੍ਹਾਂ ਹੋਰ ਕਿਹਾ ਕਿ ਪਿੰਡਾਂ ‘ਚ ਸਾਫ਼-ਸਫ਼ਾਈ ਅਤੇ ਸਵੱਛਤਾ ਨੂੰ ਤਰਜੀਹ ਮਿਲਣ ਕਰਕੇ ਲੋਕਾਂ ਦੇ ਜੀਵਨ ਦਾ ਪੱਧਰ ਉੱਚਾ ਉੱਠ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 176 ਪਿੰਡਾਂ ਨੂੰ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਸੋਲਿਡ ਵੇਸਟ ਮੈਨੇਜਮੈਂਟ ਅਤੇ  ਲਿਕਵਿਡ ਵੇਸਟ ਮੈਨੇਜਮੈਂਟ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵੱਲੋਂ ਕਰੀਬ 03 ਕਰੋੜ 81 ਲੱਖ 11 ਹਜ਼ਾਰ ਰੁਪਏ ਦੇ ਪ੍ਰੋਜੈਕਟ ਉਲੀਕੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਦੇ 117 ਪਿੰਡਾਂ ਵਿੱਚ 01 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਸੋਲਿਡ ਵੇਸਟ ਅਤੇ ਲਿਕਵਿਡ ਵੇਸਟ ਮੈਨੇਜਮੈਂਟ ਦੇ ਪ੍ਰੋਜੈਕਟਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜਿਸ ਵਿੱਚੋਂ ਕਰੀਬ 55 ਪਿੰਡਾਂ ਦੇ ਕੰਮ ਮੁਕੰਮਲ ਵੀ ਹੋ ਚੁੱਕੇ ਹਨ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਸਬੰਧੀ ਪਿੰਡਾਂ 'ਚ ਚੱਲ ਰਹੇ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਜ਼ਿਲ੍ਹੇ ਨੂੰ 100 ਫ਼ੀਸਦੀ ਓ.ਡੀ.ਐਫ ਪਲੱਸ ਕੀਤਾ ਜਾ ਸਕੇ । ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਸੋਲਡ ਵੇਸਟ ਮੈਨੇਜਮੈਂਟ ਬਣਾਉਣ ਸਮੇਂ ਜਿਹੜੀਆਂ ਔਕੜਾਂ ਆਉਂਦੀਆਂ ਹਨ, ਉਨ੍ਹਾਂ ਦੇ ਢੁਕਵੇਂ ਹੱਲ ਕਰਨ ਸਬੰਧੀ ਸੁਝਾਅ ਵੀ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਐਸ.ਡਬਲਿਊ.ਐਮ. (ਸੋਲਿਡ ਵੇਸਟ ਮੈਨੇਜਮੈਂਟ ) ਅਤੇ ਐਲ.ਡਬਲਿਊ.ਐਮ. (ਲਿਕਵਿਡ ਵੇਸਟ ਮੈਨੇਜਮੈਂਟ), ਡਿਸਿਲਟਿੰਗ ਚੈਂਬਰ ਅਤੇ ਸਕਰੀਨਿੰਗ ਚੈਂਬਰ ਲਗਾ ਕੇ ਪਾਣੀ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਉਹ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਨੂੰ ਮੁਕੰਮਲ ਕਰਵਾਉਣ।ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਦੇ ਕੰਮ ਉਦੋਂ ਲਾਭਕਾਰੀ ਸਿੱਧ ਹੋਣਗੇ ਜਦੋਂ ਮਾਲੇਰਕੋਟਲਾ ਜ਼ਿਲ੍ਹਾ ਓ.ਡੀ.ਐਫ.ਪਲੱਸ ਜ਼ਿਲਿਆਂ ਦੀ ਕਤਾਰ ਵਿੱਚ ਆਵੇਗਾ ।