ਈ-ਸੇਵਾ ਅਰਜ਼ੀਆਂ ਦੇ ਸਮਾਂਬੱਧ ਨਿਬੇੜੇ ਬਦਲੇ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਦਾ ਸਨਮਾਨ

ਬਰਨਾਲਾ, 13 ਜੂਨ : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਵਿੱਚ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਈ-ਸੇਵਾ ਤਹਿਤ ਅਰਜ਼ੀਆਂ ਦਾ ਸਮਾਂਬੱਧ ਨਿਬੇੜਾ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ ਤਾਂ ਜੋ ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਦਾ ਲਾਭ ਮਿਲੇ ਸਕੇ। ਪ੍ਰਸ਼ਾਸਨਕ ਸੁਧਾਰ ਸ਼ਾਖ਼ਾ ਦੀ ਇਸ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ, ਨਾਇਬ ਤਹਿਸੀਲਦਾਰ ਮਹਿਲ ਕਲਾਂ ਗੁਰਬੰਸ ਸਿੰਘ ਕੈਂਥ, ਨਗਰ ਕੌਂਸਲ ਬਰਨਾਲਾ ਦਫਤਰ ਤੋਂ ਕਲਰਕ ਗਗਨਜੀਤ ਸਿੰਘ, ਨਗਰ ਕੌਂਸਲ ਦਫ਼ਤਰ ਤੋਂ ਕਲਰਕ ਗੁਰਮੀਤ ਸਿੰਘ, ਸਿਵਲ ਸਰਜਨ ਦਫਤਰ ਤੋਂ ਸੁਪਰਡੈਂਟ ਅਜੈਬ ਸਿੰਘ ਤੇ ਸਿਵਲ ਸਰਜਨ ਦਫਤਰ ਤੋਂ ਇੰਦਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਹੈ ਕਿ ਆਮ ਲੋਕਾਂ ਨੂੰ ਸੇਵਾਵਾਂ ਦਾ ਲਾਭ ਲੈਣ ’ਚ ਦੇਰੀ ਹੋਣ ਕਾਰਨ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਲਈ ਸਾਂਝ ਸੇਵਾਵਾਂ ਅਤੇ ਸੇਵਾ ਕੇਂਦਰ ਦੀਆਂ ਸੇਵਾਵਾਂ ਦੀਆਂ ਅਰਜ਼ੀਆਂ ਦੇ ਸਮਾਂਬੱਧ ਨਿਬੇੜੇ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ ਸੰਜੈ ਅਹੂਜਾ ਵੀ ਹਾਜ਼ਰ ਸਨ।