ਜ਼ੀਰੋ ਬਰਨਿੰਗ ਯਕੀਨੀ ਬਣਾਉਣ ਲਈ ਪਿੰਡਾਂ ਵਿਚ ਪੰਚਾਇਤਾਂ ਦੇ ਮਤੇ ਪਵਾਏ ਜਾਣ-ਵਧੀਕ ਡਿਪਟੀ ਕਮਿਸ਼ਨਰ

  • ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਲਈ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਹਦਾਇਤ
  • ਵਧੀਕ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਮਾਨਸਾ, 16 ਸਤੰਬਰ : ਝੋਨੇ ਦੀ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਵਿੰਦਰ ਸਿੰਘ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਧਾਰਮਿਕ ਸਥਾਨਾਂ ਅਤੇ ਲੋਕਾਂ ਦੇ ਇੱਕਠ ਵਾਲੀਆਂ ਹੋਰ ਥਾਵਾਂ ’ਤੇ ਅਨਾਉਂਸਮੈਂਟਾਂ ਕਰਵਾਉਣ ਅਤੇ ਪੰਚਾਇਤਾਂ ਨਾਲ ਤਾਲਮੇਲ ਕਰਕੇ ਵੱਧ ਤੋਂ ਵੱਧ ਗ੍ਰਾਮ ਪੰਚਾਇਤਾਂ ਨੂੰ ਜੀਰੋ ਬਰਨਿੰਗ ਲਈ ਪ੍ਰੇਰਿਤ ਕਰਨ। ਇਸ ਦੇ ਨਾਲ ਪੰਚਾਇਤਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਪਦੇ ਪਿੰਡ ਨੂੰ ਜੀਰੋ ਬਰਨਿੰਗ ਵਾਲਾ ਪਿੰਡ ਬਣਾਉਣ ਲਈ ਮਤੇ ਪਵਾਉਣ। ਇਸ ਤੋਂ ਇਲਾਵਾ ਸਕੂਲਾਂ ਵਿੱਚ ਬੱਚਿਆ ਨੂੰ ਪਰਾਲੀ ਖੇਤ ਵਿੱਚ ਹੀ ਵਾਹੁਣ ਨਾਲ ਅਤੇ ਅੱਗ ਨਾ ਲਗਾਉਣ ਨਾਲ ਹੋਣ ਵਾਲੇ ਫਾਇਦਿਆਂ ਅਤੇ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇ। ਇਸ ਦੇ ਲਈ ਸਾਰੇ ਸਕੂਲਾਂ ਵਿੱਚ ਲੇਖ, ਪੇਟਿੰਗ ਅਤੇ ਕਵਿਤਾ ਗਾਇਨ ਮੁਕਾਬਲੇ ਵੀ ਕਰਵਾਏ ਜਾਣ ਤਾਂ ਜੋ ਬੱਚੇ ਆਪਣੇ ਮਾਪਿਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰ ਸਕਣ। ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਲਈ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਸਾਰਿਆਂ ਦੇ ਸਹਿਯੋਗ ਨਾਲ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਟੀਚੇ ਤਹਿਤ ਜ਼ਿਲ੍ਹੇ ਦੇ 25 ਕਲੱਸਟਰ ਬਣਾ ਕੇ ਹਰੇਕ ਪਿੰਡ ਵਿੱਚ ਅਧਿਕਾਰੀ ਨਿਯੁਕਤ ਕੀਤੇ ਗਏ ਹਨ।  ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਪ੍ਰਾਪਤ ਹਦਾਇਤਾਂ ਨੂੰ ਸਮੂਹ ਅਧਿਕਾਰੀਆਂ ਤੱਕ ਪਹੁੰਚਾਉਣ ਅਤੇ ਲਾਗੂ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਸਟੱਬਲ ਬਰਨਿੰਗ ਕੰਟਰੋਲ ਵਟਸਐਪ ਗਰੁੱਪ ਬਣਾਇਆ ਗਿਆ ਹੈ, ਜਿਸ ਵਿੱਚ ਸਮੇਂ ਸਮੇਂ ’ਤੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ ਅਤੇ ਅਧਿਕਾਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਸਬੰਧੀ ਰਿਪੋਰਟਾਂ ਲਈਆਂ ਜਾ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਫਸਰਾਂ/ਖੇਤੀਬਾੜੀ ਵਿਕਾਸ ਅਫਸਰਾਂ, ਕਲੱਸਟਰ ਅਫਸਰ ਅਤੇ ਪਿੰਡ ਪੱਧਰ ਦੇ ਨੋਡਲ ਅਫਸਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਇਨ੍ਹਾਂ ਮੀਟਿੰਗਾਂ ਵਿੱਚ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਇਹ ਅਧਿਕਾਰੀ ਆਪਣੇ ਅਧਿਕਾਰ ਖੇਤਰ ਵਿੱਚ ਵਿੱਚ ਪੈਂਦੇ ਪਿੰਡਾਂ ਵਿੱਚ ਐਕਸ਼ਨ ਪਲਾਨ ਅਨੁਸਾਰ ਜ਼ੀਰੋ ਬਰਨਿੰਗ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਅੰਦਰ ਲੱਗਭੱਗ 1964 ਸੁਪਰ ਸੀਡਰ ਮਸ਼ੀਨਾ ਅਤੇ ਲਗਭਗ 50 ਬੇਲਰ/ਰੇਕ ਮਸ਼ੀਨਾ ਪਰਾਲੀ ਦੇ ਪ੍ਰਬੰਧਨ ਲਈ ਉਪਲਭਧ ਹਨ ਅਤੇ ਹਰ ਬਲਾਕ ਖੇਤੀਬਾੜੀ ਦਫਤਰ ਵਿਖੇ ਵੀ ਕਿਸਾਨਾਂ ਦੇ ਵਰਤਣ ਲਈ ਵੱਖ—ਵੱਖ ਮਸ਼ੀਨਾ ਉਪਲਬਧ ਹਨ। ਇਸ ਤੋਂ ਇਲਾਵਾ ਸਾਲ 2023—24 ਦੌਰਾਨ ਵੀ ਕਿਸਾਨਾਂ ਨੂੰ ਲਗਭਗ 538 ਵੱਖ—ਵੱਖ ਮਸ਼ੀਨਾ ਜਿਵੇਂ ਕਿ ਬੇਲਰ/ਰੇਕ, ਹੈਪੀ ਸੀਡਰ/ਸੁਪਰ ਸੀਡਰ/ਸਮਾਰਟ ਸੀਡਰ,  ਜੀਰੋ ਟਿੱਲ ਡਰਿੱਲਾਂ ਆਦਿ ਉਪਦਾਨ ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਮੁੱਖ ਖੇਤੀਬਾੜੀ ਅਫਸਰ, ਮਾਨਸਾ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਕਣਕ ਅਤੇ ਹੋਰ ਫਸਲਾਂ ਦੀ ਬਿਜਾਈ ਕੀਤੀ ਜਾਵੇ ਅਤੇ ਕਿਸਾਨ ਵੀਰ ਕੰਬਾਇਨ ਮਸ਼ੀਨ ਦੀ ਵਰਤੋਂ ਸੁਪਰ ਐਸ.ਐਮ.ਐਸ. ਨਾਲ ਹੀ ਕਰਨ।