ਪੰਜਾਬ 'ਚ ਪਲੇਅ-ਵੇਅ ਸਕੂਲਾਂ ਅਤੇ ਕ੍ਰੈਚ ਸੈਂਟਰਾਂ ਦੀ ਰਜਿਸਟ੍ਰੇਸ਼ਨ ਹੋਈ ਲਾਜ਼ਮੀ 

ਲੁਧਿਆਣਾ, 13 ਸਤੰਬਰ (ਰਘਵੀਰ ਸਿੰਘ ਜੱਗਾ) : ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ (ਐਨ.ਸੀ.ਪੀ.ਸੀ.ਆਰ.)  ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਨਿੱਜੀ ਸਕੂਲਾਂ/ਪ੍ਰੀ ਨਰਸਰੀ ਅਤੇ ਕ੍ਰੈਚ ਸੈਂਟਰਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੁਲਵਿੰਦਰ ਸਿੰਘ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਜਿੰਨੇ ਵੀ ਪ੍ਰਾਈਵੇਟ ਪਲੇਅ ਵੇ/ ਪ੍ਰੀ-ਨਰਸਰੀ ਸਕੂਲ ਚੱਲ ਰਹੇ ਹਨ, ਉਨ੍ਹਾਂ ਨੂੰ ਐਨ.ਸੀ.ਪੀ.ਸੀ.ਆਰ. ਵੱਲੋ ਜਾਰੀ ਹਦਾਇਤਾਂ ਅਨੁਸਾਰ ਰਜਿਸਟਰ ਹੋਣਾ ਲਾਜ਼ਮੀ ਹੈ। ਐਨ.ਸੀ.ਪੀ.ਸੀ.ਆਰ. ਵਲੋਂ ਜਾਰੀ ਹਦਾਇਤਾਂ ਵੈਬਸਾਈਟ https://ncpcr.gov.in> guidelines 'ਤੇ ਵੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਸਮੂਹ ਪ੍ਰਾਈਵੇਟ ਸਕੂਲ/ਪ੍ਰੀ ਨਰਸਰੀ ਅਤੇ ਕ੍ਰੈਚ ਸੈਂਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਜਿਸਟ੍ਰੇਸ਼ਨ ਕਰਵਾਉਣ ਲਈ ਜਿਲ੍ਹਾ ਪ੍ਰੋਗਰਾਮ ਅਫਸਰ, ਸਮਾਜ ਭਲਾਈ ਕੰਪਲੈਕਸ, ਸ਼ਿਮਲਾਪੁਰੀ, ਨੇੜੇ ਗਿੱਲ ਨਹਿਰ, ਲੁਧਿਆਣਾ ਵਿਖੇ ਤਾਲਮੇਲ ਕਰਕੇ 10 ਅਕਤੂਬਰ, 2023 ਤੱਕ ਰਜਿਸਟ੍ਰੇਸ਼ਨ ਕਰਵਾਈ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ 10 ਅਕਤੂਬਰ, 2023 ਤੋਂ ਬਾਅਦ ਸਾਰੇ ਪ੍ਰਾਈਵੇਟ ਸਕੂਲ/ਪ੍ਰੀ ਨਰਸਰੀ ਅਤੇ ਕ੍ਰੈਚ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਵੇਗੀ ਅਤੇ ਜਿਹੜੇ ਪ੍ਰਾਈਵੇਟ ਸਕੂਲ/ਪ੍ਰੀ ਨਰਸਰੀ ਅਤੇ ਕ੍ਰੈਚ ਸੈਂਟਰਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਹੋਵੇਗੀ, ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।