ਮੋਗਾ ਵਿੱਚ ਰੈੱਡ ਕਰਾਸ ਵਿਸਤਾ ਐੱਮ ਆਰ ਸਕੂਲ ਮੁੜ ਹੋਇਆ ਸ਼ੁਰੂ, ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ

  • ਬੱਚਿਆਂ ਨੂੰ ਗਰਮੀਆਂ ਤੇ ਸਰਦੀਆਂ ਦੀਆਂ ਵਰਦੀਆਂ ਮੁਹੱਈਆ ਕਰਵਾਈਆਂ ਜਾਣਗੀਆਂ-ਕੁਲਵੰਤ ਸਿੰਘ ਡਿਪਟੀ ਕਮਿਸ਼ਨਰ

ਮੋਗਾ, 14 ਨਵੰਬਰ : ਸ਼ਹਿਰ ਮੋਗਾ ਵਿਖੇ 21 ਸਾਲ ਪਹਿਲਾਂ ਸ਼ੁਰੂ ਹੋਏ ਰੈੱਡ ਕਰਾਸ ਵਿਸਤਾ ਐੱਮ ਆਰ ਸਕੂਲ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਕੂਲ ਦੇ ਨਵੇਂ ਸੈਸ਼ਨ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਅੱਜ ਬਾਅਦ ਦੁਪਹਿਰ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਸ਼ੁਰੂ ਕੀਤੇ ਗਏ ਇਸ ਸਕੂਲ ਨੂੰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਾਲ 2020 ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਹ ਸਕੂਲ ਮੁੜ ਤੋਂ ਸਥਾਨਕ ਗੋਧੇਵਾਲਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਹੀ ਸ਼ੁਰੂ ਹੋ ਗਿਆ ਹੈ। ਸਕੂਲ ਬੰਦ ਹੋਣ ਵੇਲੇ ਇਸ ਸਕੂਲ ਵਿੱਚ 16 ਤੋਂ ਵਧੇਰੇ ਬੱਚੇ ਅਤੇ ਵਿਅਕਤੀ ਪੜ੍ਹਦੇ ਸਨ। ਇਸ ਸਕੂਲ ਦੇ ਦੁਬਾਰਾ ਸ਼ੁਰੂ ਹੋਣ ਦੇ ਫੈਸਲੇ ਨਾਲ 12 ਬੱਚਿਆਂ ਨੇ ਮੁੜ ਤੋਂ ਦਾਖਲਾ ਲੈ ਲਿਆ ਹੈ। ਸਕੂਲ ਵਿੱਚ ਦਾਖਲਾ ਲੈਣ ਲਈ ਕੋਈ ਵੀ ਉਮਰ ਸੀਮਾ ਨਿਰਧਾਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਹੂਲੀਅਤ ਨੂੰ ਮੁੱਖ ਰੱਖਦੇ ਹੋਏ ਛੇਤੀ ਹੀ ਇਸ ਸਕੂਲ ਨੂੰ ਨਵੀਂ ਇਮਾਰਤ ਵਿੱਚ ਸ਼ਿਫ਼ਟ ਕਰ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਖਾਣ ਪੀਣ ਦੀਆਂ ਵਸਤਾਂ ਦੀ ਵੰਡ ਵੀ ਕੀਤੀ।ਉਨ੍ਹਾਂ ਦੱਸਿਆ ਕਿ ਗਰਮੀਆਂ ਅਤੇ ਸਰਦੀਆਂ ਵਿੱਚ ਬੱਚਿਆਂ ਨੂੰ ਅਲੱਗ ਅਲੱਗ ਵਰਦੀਆਂ ਬਿਲਕੁਲ ਮੁਫ਼ਤ ਵੰਡੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇਹ ਸਕੂਲ ਇਕ ਡੇਅ ਬੋਰਡਿੰਗ ਸਕੂਲ ਹੈ, ਜਿੱਥੇ ਦਿਨ ਸਮੇਂ ਬੱਚਿਆਂ ਨੂੰ ਲੋੜੀਂਦੀ ਪੜ੍ਹਾਈ ਦੇ ਨਾਲ ਨਾਲ ਖੇਡ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਸਕੂਲ ਵਿੱਚ ਇੱਕ ਟੀਚਰ ਅਤੇ ਹੋਰ ਸਟਾਫ਼ ਵੀ ਰੱਖਿਆ ਗਿਆ ਹੈ। ਬੱਚਿਆਂ ਨੂੰ ਸਕੂਲ ਲਿਆਉਣ ਅਤੇ ਘਰ ਛੱਡਣ ਲਈ ਵੈਨ ਦੀ ਸਹੂਲਤ ਵੀ ਹੈ, ਜਿਸ ਦਾ ਕਿਰਾਇਆ ਬਹੁਤ ਹੀ ਘੱਟ ਹੈ। ਉਹਨਾਂ ਕਿਹਾ ਕਿ ਇਸ ਸਕੂਲ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਫੰਡਾਂ ਨਾਲ ਚਲਾਇਆ ਜਾਵੇਗਾ।ਇਸ ਤੋਂ ਇਲਾਵਾ ਦਾਨੀ ਸੱਜਣਾਂ ਵੱਲੋਂ ਦਾਨ ਨਾਲ ਵੀ ਯੋਗਦਾਨ ਪਾਇਆ ਜਾਂਦਾ ਹੈ। ਉਹਨਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੂਲ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਵਿੱਤੀ ਅਤੇ ਹੋਰ ਤਰੀਕਿਆਂ ਰਾਹੀਂ ਯੋਗਦਾਨ ਪਾਉਣ।ਸਬੰਧਤ ਟੀਚਰ ਨਾਲ ਗੱਲਬਾਤ ਕਰਕੇ ਬੱਚਿਆਂ ਦੀ ਲੋੜ੍ਹ ਮੁਤਾਬਿਕ ਖਾਣ ਪੀਣ ਦਾ ਸਮਾਨ, ਫਰਨੀਚਰ ਅਤੇ ਹੋਰ ਸਮੱਗਰੀ ਵੀ ਭੇਟ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਮੰਦਬੁੱਧੀ ਵਿਅਕਤੀ ਸਮਾਜ ਦਾ ਅਹਿਮ ਅੰਗ ਹੁੰਦੇ ਹਨ। ਇਹਨਾਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਬਰਾਬਰ ਮੌਕੇ ਮੁਹਈਆ ਕਰਵਾਏ ਜਾਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਗੁਲਬਹਾਰ ਸਿੰਘ, ਉੱਘੀ ਲੇਖਿਕਾ ਬੇਅੰਤ ਕੌਰ, ਸੀਮਾ ਸ਼ਰਮਾ, ਸੀਨੀਅਰ ਸਹਾਇਕ ਸ੍ਰ ਪਰਮਿੰਦਰ ਸਿੰਘ, ਅਜੇ ਕੁਮਾਰ, ਗੁਰਮੀਤ ਕੌਰ ਅਧਿਆਪਕ ਆਦਿ ਹਾਜ਼ਰ ਸਨ।