ਆਰਡੀਐਫ. ਤੇ ਜੀਐਸਟੀ ਵਰਗੀਆਂ ਗ੍ਰਾਂਟਾਂ ਰੋਕ ਕੇ ਪੰਜਾਬ ਦੇ ਵਿਕਾਸ ਵਿੱਚ ਰੋੜੇ ਅਟਕਾ ਰਹੀ ਕੇਂਦਰ ਸਰਕਾਰ : ਜੋੜਾਮਾਜਰਾ

  • ਪਾਰਟੀ ਸੰਗਠਨ ਨੂੰ ਮਜਬੂਤ ਕਰਨ ਲਈ ਹੀ ਨਿਯੁਕਤ ਕੀਤੇ ਜਾ ਰਹੇ ਹਲਕਾ ਕੁਆਰਡੀਨੇਟਰ
  • ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਬੱਚਿਆਂ ਨੂੰ ਆਹੁਦੇ ਦੇ ਕੇ ਇਤਿਹਾਸ ਸਿਰਜਿਆ  
  • ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ
  • ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਮਾਰਕੀਟ ਕਮੇਟੀ ਚਨਾਰਥਲ ਕਲਾਂ ਦੇ ਨਵ-ਨਿਯੁਕਤ ਚੇਅਰਮੈਨ ਰਸਪਿੰਦਰ ਸਿੰਘ ਰਾਜਾ ਨੂੰ ਆਹੁਦਾ ਸੰਭਾਲਿਆ

ਫ਼ਤਹਿਗੜ੍ਹ ਸਾਹਿਬ, 08 ਸਤੰਬਰ: ਕੇਂਦਰ ਸਰਕਾਰ ਪੰਜਾਬ ਦੀਆਂ ਆਰ.ਡੀ.ਐਫ. ਤੇ ਜੀ.ਐਸ.ਟੀ. ਵਰਗੀਆਂ ਗ੍ਰਾਂਟਾਂ ਰੋਕ ਕੇ ਪੰਜਾਬ ਦੇ ਵਿਕਾਸ ਵਿੱਚ ਰੋੜੇ ਅਟਕਾ ਰਹੀ ਹੈ ਜਿਸ ਕਾਰਨ ਸੂਬੇ ਦੇ ਵਿਕਾਸ ਵਿੱਚ ਰੁਕਾਵਟ ਆ ਰਹੀ ਹੈ। ਜੇਕਰ ਕੇਂਦਰ ਸਰਕਾਰ ਦਿਹਾਤੀ ਵਿਕਾਸ ਫੰਡ  (ਆਰ.ਡੀ.ਐਫ.) ਜਾਰੀ ਕਰ ਦੇਵੇ ਤਾਂ ਪੰਜਾਬ ਦੇ ਦਿਹਾਤੀ ਖੇਤਰ ਦੀਆਂ 6100 ਕਿਲੋਮੀਟਰ ਨਵੀਂਆਂ ਸੜਕਾਂ ਬਣ ਸਕਦੀਆਂ ਹਨ। ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੋੜੇਮਾਜਰਾ ਨੇ ਮਾਰਕੀਟ ਕਮੇਟੀ ਚਨਾਰਥਲ ਕਲਾਂ ਦੇ ਦਫ਼ਤਰ ਵਿਖੇ ਨਵ-ਨਿਯੁਕਤ ਚੇਅਰਮੈਨ ਸ਼੍ਰੀ ਰਸ਼ਪਿੰਦਰ ਸਿੰਘ ਰਾਜਾ ਨੂੰ ਅਹੁਦਾ ਸੰਭਾਲਣ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸੂਬੇ ਦੇ ਵਿਕਾਸ ਨੂੰ ਲੈ ਕੇ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੇ ਹਨ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਵੱਲੋਂ ਨਿਯੁਕਤ ਕੀਤੇ ਜਾ ਰਹੇ ਹਲਕਾ ਕੁਆਰਡੀਨੇਟਰਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜੋੜੇਮਾਜਰਾ ਨੇ ਕਿਹਾ ਕਿ ਹਲਕਾ ਕੁਆਰਡੀਨੇਟਰਾਂ ਦੀ ਨਿਯੁਕਤੀ ਕੇਵਲ ਤੇ ਕੇਵਲ ਪਾਰਟੀ ਸੰਗਠਨ ਨੂੰ ਮਜਬੂਤ ਕਰਨ ਦੇ ਮੰਤਵ ਨਾਲ ਹੀ ਕੀਤੀ ਜਾ ਰਹੀ ਹੈ ਅਤੇ ਹਲਕਾ ਕੁਆਰਡੀਨੇਟਰ ਤੇ ਹਲਕਾ ਵਿਧਾਇਕ ਆਪਸ ਵਿੱਚ ਮਿਲ ਕੇ ਹੇਠਲੇ ਪੱਧਰ ਤੱਕ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ ਜਿਸ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ। ਇੰਡੀਆ ਗਠਜੋੜ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਹਾਈ ਕਮਾਂਡ ਦੇ ਵਫਾਦਾਰ ਸਿਪਾਹੀ ਹਾਂ ਅਤੇ ਹਾਈ ਕਮਾਂਡ ਜੋ ਵੀ ਹੁਕਮ ਕਰੇਗਾ ਉਸ ਤੇ ਫੁੱਲ ਚੜਾਏ ਜਾਣਗੇ। ਪਟਵਾਰੀਆਂ ਵੱਲੋਂ ਅਸਤੀਫੇ ਦੇਣ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਇਮਾਨਦਾਰਾਂ ਦੀ ਸਰਕਾਰ ਹੈ ਅਤੇ ਇਮਾਨਦਾਰ ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਇਹ ਸਪਸ਼ਟ ਕੀਤਾ ਕਿ ਬੇਇਮਾਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਪਟਵਾਰੀ ਅਸਤੀਫੇ ਦੇ ਰਹੇ ਹਨ ਇਹ ਉਨ੍ਹਾਂ ਦੀ ਮਰਜ਼ੀ ਹੈ ਪ੍ਰੰਤੂ ਸਰਕਾਰ ਲੋਕਾਂ ਦੇ ਕੰਮਾਂ ਵਿੱਚ ਖੜੋਤ ਨਹੀਂ ਆਉਣ ਦੇਵੇਗੀ ਇਸੀ ਕਾਰਨ ਸਰਕਾਰ ਵੱਲੋਂ ਨਵੇਂ ਪਟਵਾਰੀਆਂ ਨੁੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਅਤੇ ਨਵੇਂ ਪਟਵਾਰੀਆਂ ਦੀ ਭਰਤੀ ਵੀ ਛੇਤੀ ਹੀ ਕੀਤੀ ਜਾ ਰਹੀ ਹੈ। ਮਾਰਕੀਟ ਕਮੇਟੀ ਚਨਾਰਥਲ ਦੇ ਨਵ-ਨਿਯੁਕਤ ਚੇਅਰਮੈਨ ਸ਼੍ਰੀ ਰਸ਼ਪਿੰਦਰ ਸਿੰਘ ਰਾਜਾ ਨੂੰ ਆਹੁਦਾ ਸੰਭਾਲਦਿਆਂ ਸ. ਚੇਤਨ ਸਿੰਘ ਜੋੜੇਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜ਼ਰੀਵਾਲ ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਆਮ ਘਰਾਂ ਦੇ ਬੱਚਿਆਂ ਨੂੰ ਉਚ ਆਹੁਦੇ ਦੇ ਕੇ ਇਤਿਹਾਸ ਸਿਰਜਿਆ ਹੈ ਜਦੋਂ ਕਿ ਪਹਿਲੀਆਂ ਸਰਕਾਰਾਂ ਆਪਣੇ ਚਹੇਤਿਆਂ ਨੂੰ ਹੀ ਆਹੁਦੇ ਦਿੰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਪਾਰਟੀ ਦਾ ਹਰੇਕ ਆਹੁਦੇਦਾਰ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ। ਇਸ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਜੋੜੇਮਾਜਰਾ ਨੇ ਕਿਹਾ ਕਿ ਨਸ਼ਿਆਂ ਕਾਰਨ ਅੱਜ ਕਈ ਘਰਾਂ ਦੇ ਬੱਚੇ ਗਲਤ ਰਾਹ ਤੇ ਪੈ ਰਹੇ ਹਨ ਜਿਨ੍ਹਾਂ ਨੂੰ ਰੋਕਣਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਕਿ ਉਹ ਕੋਈ ਵੀ ਹੋਵੇ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਬਾਰੇ ਸੂਚਨਾ ਸਥਾਨਕ ਵਿਧਾਇਕ, ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਵੇ ਅਤੇ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ । ਸਰਕਾਰ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇ ਕੇ ਪੰਜਾਬ ਦੇ ਭਵਿੱਖ ਨੂੰ ਬਚਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜ਼ਰੀਵਾਲ ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਜੋ ਇਮਾਨਦਾਰ ਸਰਕਾਰ ਦੇਣ ਦਾ ਵਾਅਦਾ ਕੀਤਾ ਗਿਆ ਹੈ ਉਸ ਵਿੱਚ ਕਿਸੇ ਕਿਸਮ ਦੀ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ. ਰਸ਼ਪਿੰਦਰ ਸਿੰਘ ਰਾਜਾ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਉਹ ਪਾਰਟੀ ਦੇ ਅਸੂਲਾਂ ਤੇ ਚੱਲਦੇ ਹੋਏ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਰਸ਼ਪਿੰਦਰ ਸਿੰਘ ਰਾਜਾ ਨੇ ਪਾਰਟੀ ਵੱਲੋਂ ਅਹੁਦਾ ਸੌਂਪਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜਿੰਮੇਵਾਰੀ ਨੁੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਪਨਸੀਡ ਦੇ ਚੇਅਰਮੈਨ ਸ਼੍ਰੀ ਮਹਿੰਦਰ ਸਿੰਘ ਸਿੱਧੂ, ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਜੈਨਕੋ ਦੇ ਚੇਅਰਮੈਨ ਨਵਜੋਤ ਸਿੰਘ ਜਰਗ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਅਜੈ ਸਿੰਘ ਲਿਬੜਾ, ਕੁਲਵੰਤ ਸਿੰਘ ਗੱਜਣਮਾਜਰਾ, ਪ੍ਰਦੀਪ ਮਲਹੋਤਰਾ, ਕੰਵਰਬੀਰ ਸਿੰਘ ਰਾਏ, ਕਰਮਜੀਤ ਸਿੰਘ ਟਿਵਾਣਾ, ਹਲਕਾ ਕੁਆਰਡੀਨੇਟਰ ਕਮਲ ਚਾਂਦੀ, ਪੰਜਾਬੀ ਫਿਲਮ ਕਲਾਕਾਰ ਮਨਵਿੰਦਰ ਸਿੰਘ ਬਨੀ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਮਾਰਕੀਟ ਕਮੇਟੀ ਅਮਲੋਹ ਦੀ ਚੇਅਰਮੈਨ ਸ਼੍ਰੀਮਤੀ ਸੁਖਵਿੰਦਰ ਕੌਰ, ਅਮਰਿੰਦਰ ਸਿੰਘ ਮੰਡੋਫਲ, ਗੁਰਸਤਿੰਦਰ ਸਿੰਘ ਜੱਲ੍ਹਾ, ਸਨੀ ਚੋਪੜਾ,  ਦਵਿੰਦਰ ਜਿੰਦੂ, ਅਵਤਾਰ ਸਿੰਘ, ਨਾਜਰ ਸਿੰਘ ਸੁਖਵਿੰਦਰ ਸਿੰਘ ਸੁੱਖਾ ਜਗਦੀਪ ਸਿੰਘ ਨਿੱਕਾ ਮੇਜਰ ਸਿੰਘ ਗੁਰਮੁੱਖ ਸਿੰਘ ਪੰਚ, ਰਾਜਦੀਪ ਰਾਜੂ, ਭੁਪਿੰਦਰ ਭਿੰਦਾ ਕਮੇਟੀ ਮੈਂਬਰ, ਸ਼ਿੰਗਾਰਾ ਸਿੰਘ ਨਾਮਧਾਰੀ, ਸੂਬੇਦਾਰ ਹਰਿੰਦਰ ਸਿੰਘ ਬਾਰੀ, ਨਿਰਮਲ ਰਿਉਣਾ, ਗੁਰਦੀਪ ਟਿਵਾਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਹੋਰ ਪਤਵੰਤੇ ਹਾਜਰ ਸਨ।