ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਪੂਰੇ ਰੀਤੀ ਰਿਵਾਜਾ ਨਾਲ ਮਨਾਇਆ ਗਿਆ ਰੱਖੜੀ ਦਾ ਤਿਉਹਾਰ

ਫਰੀਦਕੋਟ 31 ਅਗਸਤ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਹੁਕਮਾਂ ਅਤੇ ਸ੍ਰੀ ਅਰੁਣਪਾਲ ਸਿੰਘ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਰੱਖੜੀ ਦਾ ਤਿਉਹਾਰ ਪੂਰੇ ਰੀਤੀ ਰਿਵਾਜਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਹ ਜਾਣਕਾਰੀ ਕੇਂਦਰੀ ਜੇਲ੍ਹ ਫਰੀਦਕੋਟ ਦੇ ਸੁਪਰਡੈਂਟ ਸ੍ਰੀ ਰਾਜੀਵ ਕੁਮਾਰ ਅਰੋੜਾ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਮਨਾਉਣ ਲਈ ਜੇਲ੍ਹ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੇਂਦਰੀ ਜੇਲ੍ਹ ਫਰੀਦਕੋਟ ਵੱਲੋਂ ਵਿਸ਼ੇਸ ਸੁਰੱਖਿਆ ਪ੍ਰਬੰਧਾਂ ਅਧੀਨ ਮੁਲਾਕਾਤ ਕਰਨ ਆਈਆਂ ਭੈਣਾ ਨੂੰ ਉਨ੍ਹਾਂ ਦੇ ਜੇਲ੍ਹ ਅੰਦਰ ਬੰਦ ਬੰਦੀ ਭਰਾਵਾਂ ਨਾਲ ਮਿਲਵਾਉਣ ਅਤੇ ਰੱਖੜੀ ਬੰਨਣ ਦਾ ਵਿਸ਼ੇਸ ਉਪਰਾਲਾ ਕੀਤਾ ਗਿਆ। ਇਸ ਤਿਉਹਾਰ ਨੂੰ ਮਨਾਉਂਦੇ ਹੋਏ ਕਰੀਬ 350 ਬੰਦੀਆਂ ਨੂੰ ਉਨ੍ਹਾਂ ਦੀਆਂ ਭੈਣਾਂ ਵੱਲੋਂ ਰੱਖੜੀਆਂ ਬੰਨੀਆਂ ਗਈਆਂ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਕੇਂਦਰੀ ਜੇਲ੍ਹ ਫਰੀਦਕੋਟ ਵੱਲੋਂ ਬੰਦੀਆਂ ਭਰਾਵਾਂ ਨੂੰ ਮਿਲਣ ਆਈਆਂ ਭੈਣਾਂ ਲਈ ਜੇਲ੍ਹ ਦੀ ੜਿਊੜੀ ਵਿੱਚ ਬੈਠਣ ਲਈ ਖਾਸ ਵਿਵਸਥਾ ਸਮੇਤ ਮਿਠਾਈ ਅਤੇ ਰੱਖੜੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਕੇਂਦਰੀ ਜੇਲ੍ਹ ਫਰੀਦਕੋਟ ਦੇ ਸੁਪਰਡੈਂਟ ਸ੍ਰੀ ਰਾਜੀਵ ਕੁਮਾਰ ਅਰੋੜਾ, ਐਡੀਸ਼ਨਲ ਸੁਪਰਡੈਂਟ ਸ੍ਰੀ ਅਰਪਨਜੋਤ ਸਿੰਘ, ਡਿਪਟੀ ਸੁਪਰਡੈਂਟ ਸਕਿਉਰਟੀ ਸ੍ਰੀ ਪਰਮਿੰਦਰ ਸਿੰਘ ਅਤੇ ਸਮੁੱਚੇ ਜੇਲ੍ਹ ਸਟਾਫ਼ ਵੱਲੋ ਜੇਲ੍ਹ ਅੰਦਰ ਬੰਦ ਬੰਦੀਆਂ ਅਤੇ ਉਨ੍ਹਾਂ ਦੀਆਂ ਭੈਣਾ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ। ਇਸ ਉਪਰਾਲੇ ਦੀ ਜੇਲ੍ਹ ਅੰਦਰ ਬੰਦ ਬੰਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋ ਰੱਖੜੀ ਦੇ ਤਿਉਹਾਰ ਤੇ ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ।