ਮਿਸ਼ਨ ਇੰਦਰਧਨੁਸ਼ ਦਾ ਮੰਤਵ 5 ਸਾਲ ਤੱਕ ਦੇ ਬੱਚੇ ਤੇ ਗਰਭਵਤੀ ਮਾਵਾਂ ਦਾ ਸੌ ਫੀਸਦੀ ਟੀਕਾਕਾਰਨ ਯਕੀਨੀ ਬਣਾਉਣਾ-ਡਾ. ਸਤੀਸ਼ ਗੋਇਲ

  • 11 ਤੋਂ 16 ਸਤੰਬਰ ਦਾ  ਪਹਿਲਾ ਰਾਊਂਡ ਸ਼ੁਰੂ

ਫਾਜ਼ਿਲਕਾ 11 ਸਤੰਬਰ : ਡਿਪਟੀ ਕਮਿਸ਼ਨਰ ਡਾਕਟਰ ਸੈਨੁ ਦੁੱਗਲ ਅਤੇ ਸਿਵਲ ਸਰਜਨ ਡਾ. ਸਤੀਸ਼ ਗੋਇਲ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0 ਤਹਿਤ ਜਿਲਾ ਫਾਜ਼ਿਲਕਾ ਵਿਖੇ  ਵਿਸ਼ੇਸ਼ ਟੀਕਾਕਰਨ ਕੈਂਪ ਅੱਜ ਸ਼ੁਰੂ ਹੋ ਗਏ ਹਨ ਅਤੇ ਪੂਰਾ ਹਫਤਾ ਕੈਂਪ ਜਾਰੀ ਰਹਿਣਗੇ। ਇਸ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਈ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ  ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਦਾ ਮੁੱਖ ਮਕਸਦ ਕਿਸੇ ਕਾਰਨ ਕਰਕੇ ਜੋ ਬੱਚੇ ਅਤੇ ਗਰਭਵਤੀ ਮਾਵਾਂ  ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ  ਜਾਂ ਜਿਹਨਾਂ ਦਾ ਟੀਕਾਕਰਣ ਅਧੂਰਾ ਹੈ, ਉਨ੍ਹਾਂ ਨੂੰ ਇਸ ਮਿਸ਼ਨ ਅਧੀਨ ਕਵਰ ਕਰਨਾ ਹੈ। ਉਹਨਾਂ ਕਿਹਾ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਇੰਦਰਧਨੁਸ਼ ਦਾ ਪਹਿਲਾਂ ਰਾਉਂਡ  11 ਸਤੰਬਰ ਤੋਂ 16 ਸਤੰਬਰ ਚਲੇਗਾ ਜਿਸ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਗਈ ਹੈ ਅਤੇ  ਦੂਸਰਾ ਰਾਊਡ 9 ਅਕਤੂਬਰ ਤੋਂ 14 ਅਕਤੂਬਰ ਅਤੇ ਤੀਸਰਾ ਰਾਊਡ 20 ਨਵੰਬਰ ਤੋਂ 25 ਨਵੰਬਰ ਤੱਕ ਹੈ।  ਇਹਨਾ ਵਿੱਚ ਜਿਲੇ ਦਾ ਟਾਰਗੇਟ 3800 ਦੇ ਕਰੀਬ ਬੱਚਿਆ ਨੂੰ ਟੀਕਾਕਰਨ ਕਰਨਾ ਹੈ ਅਤੇ 550 ਗਰਭਵਤੀ ਮਹਿਲਾਵਾਂ ਤੱਕ ਆਸ਼ਾ ਵਰਕਰ ਅਤੇ ਏ ਐਨ ਐਮ ਰਾਹੀਂ ਪਹੁੰਚ ਕੀਤੀ ਜਾਵੇਗੀ ਤਾਕਿ ਸਾਰਿਆ ਦਾ ਟੀਕਾਕਰਨ ਪੂਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਮਿਸ਼ਨ ਇੰਦਰ ਧਨੁਸ਼ ਤਹਿਤ ਵੱਖ ਵੱਖ ਥਾਂਵਾਂ ਤੇ ਸੈਸ਼ਨ (ਕੈਂਪ) ਲਗਾਏ ਜਾ ਰਹੇ ਹਨ, ਜਿੰਨ੍ਹਾ ਵਿਚੋਂ ਕੁੱਝ ਕੈਂਪ ਹਾਈ ਰਿਸਕ ਥਾਵਾਂ ਵਿੱਚ ਲਗਾਏ ਜਾਣੇ ਹਨ, ਜਿੰਨ੍ਹਾਂ ਵਿੱਚ ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਵੈਕਸੀਨੇਸ਼ਨ ਲਗਾਉਣ ਦਾ ਟੀਚਾ ਹੈ। ਇਸ ਮਿਸ਼ਨ ਤਹਿਤ ਉਸਾਰੀ ਅਧੀਨ ਇਮਾਰਤਾਂ, ਭੱਠਿਆਂ, ਪਥੇਰਾਂ ਅਤੇ ਸ਼ੈੱਲਰਾਂ ਦੀ ਆਬਾਦੀ ਨੂੰ ਵੀ ਕਵਰ ਕੀਤਾ ਜਾਵੇਗਾ।  ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਕਵਿਤਾ  ਸਿੰਘ ਅਤੇ ਜਿਲਾ ਟੀਕਾ ਕਰਨ ਅਫ਼ਸਰ ਡਾਕਟਰ ਐਡੀਸਨ ਐਰਿਕ  ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼  ਤਹਿਤ ਦਸੰਬਰ 2023 ਤੱਕ ਐਮ.ਆਰ.ਦਾ ਟੀਚਾ ਪੂਰਾ ਕਰਨ ਦਾ ਉਦੇਸ਼ ਰੱਖਿਆ ਗਿਆ ਹੈ, ਜਿਹੜੇ ਬੱਚੇ ਐਮ.ਆਰ ਦੀ ਪਹਿਲੀ ਅਤੇ ਦੂਸਰੀ ਖੁਰਾਕ ਤੋਂ ਵਾਂਝੇ ਹਨ, ਜਿੰਨ੍ਹਾਂ ਬੱਚਿਆਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ।