ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਗੈਂਗਸਟਰ ਲਾਰੈਂਸ ਸਮੇਤ ਸਾਰੇ ਦੋਸ਼ੀਆਂ ’ਤੇ ਦੋਸ਼ ਤੈਅ

ਮਾਨਸਾ, 26 ਜੁਲਾਈ : ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਪੁਲੀਸ ਵੱਲੋਂ ਦਾਇਰ ਚਾਰਜਸ਼ੀਟ ਤੋਂ ਬਾਅਦ ਅੱਜ ਬੁੱਧਵਾਰ ਨੂੰ ਮਾਨਸਾ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ’ਚ ਸੁਣਵਾਈ ਦੌਰਾਨ ਕੋਈ ਵੀ ਦੋਸ਼ੀ ਅਦਾਲਤ ’ਚ ਨਿੱਜੀ ਤੌਰ ’ਤੇ ਪੇਸ਼ ਨਹੀਂ ਹੋਇਆ, ਸਗੋਂ ਸਾਰੇ ਵੱਖ-ਵੱਖ ਜੇਲ੍ਹਾਂ ’ਚੋਂ ਵਰਚੁਅਲ ਤੌਰ ’ਤੇ (ਵੀਡੀਓ ਕਾਨਫਰੰਸਿੰਗ) ਅਦਾਲਤ ’ਚ ਪੇਸ਼ ਹੋਏ। ਅੱਜ ਅਦਾਲਤ ਵਿੱਚ ਗੈਂਗਸਟਰ ਲਾਰੈਂਸ ਸਮੇਤ ਸਾਰੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 9 ਅਗਸਤ ਨੂੰ ਹੋਵੇਗੀ।ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਬਣਾਈ ਗਈ ਐਸਆਈਟੀ ਨੇ ਆਪਣੀ ਜਾਂਚ ਵਿੱਚ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਅਤੇ ਉਸ ਦੇ ਵਿਦੇਸ਼ੀ ਸਾਥੀ ਗੋਲਡੀ ਬਰਾੜ ਸਮੇਤ 31 ਵਿਅਕਤੀਆਂ ਦੇ ਨਾਮ ਲਏ ਹਨ। ਐਸਆਈਟੀ ਨੇ ਆਪਣੀ ਜਾਂਚ ਵਿੱਚ ਦੱਸਿਆ ਹੈ ਕਿ ਕਤਲ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਸੀ। ਅੱਜ ਅਦਾਲਤ ਵਿੱਚ 26 ਜਣਿਆਂ ’ਚੋਂ 25 ਮੁਲਜ਼ਮਾਂ ਦਾ ਕੇਸ ਕਮਿੱਟ ਕਰਕੇ ਸੈਸ਼ਨ ਕੋਰਟ ਮਾਨਸਾ ਵਿੱਚ ਭੇਜ਼ ਦਿੱਤਾ ਗਿਆ ਹੈ। 26ਵਾਂ ਮੁਲਜ਼ਮ ਜੋਗਿੰਦਰ ਸਿੰਘ ਜੋਗਾ ਦਾ ਚਲਾਨ ਸਪਲੀਮੈਂਟਰੀ ਪੇਸ਼ ਨਹੀਂ ਹੋ ਸਕਿਆ ਹੈ। ਹੁਣ 9 ਅਗਸਤ ਨੂੰ ਸਾਰੇ ਮੁਲਜ਼ਮਾਂ ਦੇ ਪ੍ਰੋਡਕਸ਼ਨ ਵਾਰੰਟ ਕੱਢੇ ਗਏ ਹਨ, ਜਿੰਨ੍ਹਾਂ ਨੂੰ ਸਰੀਰਕ ਤੌਰ ’ਤੇ ਸੈਸ਼ਨ ਕੋਰਟ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਕੁੱਲ 27 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਸੀ, ਜਿਨ੍ਹਾਂ ’ਚੋਂ ਕਈ ਸ਼ਾਰਪ ਸ਼ੂਟਰ ਹਨ।ਚਾਰਟਸ਼ੀਟ ਵਿੱਚ ਕੁਝ ਅਜਿਹੇ ਨਾਮ ਹਨ, ਜੋ ਵਿਦੇਸ਼ਾਂ ਵਿੱਚ ਬੈਠਕੇ ਸਾਰਾ ਨੈੱਟਵਰਕ ਚਲਾਉਂਦੇ ਹਨ। ਇਸ ਤੋਂ ਇਲਾਵਾ ਮੁਕਾਬਲੇ ਵਿੱਚ ਦੋ ਮੁਲਜ਼ਮ ਜਗਦੀਪ ਰੂਪਾ ਅਤੇ ਮਨਪ੍ਰੀਤ ਮਾਰੇ ਗਏ ਸਨ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ।ਪੰਜਾਬ ਸਰਕਾਰ ਅਨੁਸਾਰ ਇਸ ਮਾਮਲੇ ਵਿੱਚ ਹੁਣ ਤੱਕ 29 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ,ਦੋ ਮੁਲਜ਼ਮ ਮੁਕਾਬਲੇ ਵਿੱਚ ਮਾਰੇ ਗਏ ਸਨ ਅਤੇ 5 ਨੂੰ ਭਾਰਤ ਤੋਂ ਬਾਹਰੋਂ ਲਿਆਉਣਾ ਬਾਕੀ ਹੈ।ਇਸ ਦੇ ਲਈ ਸੂਬਾ ਸਰਕਾਰ ਕੇਂਦਰ ਅਤੇ ਹੋਰ ਏਜੰਸੀਆਂ ਦੇ ਸੰਪਰਕ ਵਿੱਚ ਹੈ।ਲਾਰੈਂਸ ਗੈਂਗ ਦਾ ਗੋਲਡੀ ਬਰਾੜ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ।