ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ

  • ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਅਤੇ ਸਰਟੀਫਿਕੇਟਾਂ ਨਾਲ ਕੀਤਾ ਸਨਮਾਨਿਤ-ਜ਼ਿਲ੍ਹਾ ਭਾਸ਼ਾ ਅਫ਼ਸਰ
  • ਕਿਹਾ !ਵਿਦਿਆਰਥੀਆਂ ਅੰਦਰ ਸਾਹਿਤ ਰਚਨਾ ਦੀ ਪ੍ਰਤਿਭਾ ਨੂੰ ਨਿਖਾਰਨਾ, ਚੰਗੇਰੇ ਜੀਵਨ ਮੁੱਲਾਂ ਨਾਲ ਜੋੜਨਾ ਪ੍ਰਤੀਯੋਗਤਾ ਦਾ ਉਦੇਸ਼

ਮੋਗਾ, 4 ਅਗਸਤ : ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਮੋਗਾ ਦੇ ਸਹਿਯੋਗ ਨਾਲ ਸਲਾਨਾ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ-2023 ਕਰਵਾਏ ਗਏ, ਜਿਨ੍ਹਾਂ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵਧ-ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਮੌਕੇ ਸ. ਅਵਤਾਰ ਸਿੰਘ ਕਰੀਰ (ਰਿਟਾ. ਪ੍ਰਿੰਸੀਪਲ), ਉੱਘੇ ਸਮਾਜਸੇਵੀ ਸ.  ਬਲਵਿੰਦਰ ਸਿੰਘ (ਰਿਟਾ. ਲੈਕਚਰਾਰ ਸਰਕਾਰੀ ਪੌਲੀਟੈਕਨੀਕਲ ਕਾਲਜ ਜੀ.ਟੀ.ਬੀ.ਗੜ੍ਹ) ਅਤੇ ਡਾ. ਰਾਜਬਿੰਦਰ ਸਿੰਘ ਲੈਕਚਰਾਰ ਡਾਇਟ ਮੋਗਾ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਮੰਚ ਸੰਚਾਲਨ ਦੀ ਭੂਮਿਕਾ ਸ. ਚਰਨਜੀਤ ਸਿੰਘ ਸਮਾਲਸਰ (ਮੁੱਖ ਅਧਿਆਪਕ) ਨੇ ਬਾਖ਼ੂਬੀ ਨਿਭਾਉਂਦਿਆਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ਕਰਵਾਏ ਜਾਂਦੇ ਇਨ੍ਹਾਂ ਮੁਕਾਬਲਿਆਂ ਦੀ ਸਾਰਥਕਤਾ ਬਾਰੇ ਚਾਨਣਾ ਪਾਇਆ। ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ. ਅਜੀਤਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ, ਅਧਿਆਪਕਾਂ ਅਤੇ ਪ੍ਰਤੀਯੋਗੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਭਾਸ਼ਾ ਵਿਭਾਗ ਦੁਆਰਾ ਆਯੋਜਿਤ ਕੀਤੀ ਜਾਂਦੀ ਇਸ ਪ੍ਰਤੀਯੋਗਤਾ ਦਾ ਉਦੇਸ਼ ਵਿਦਿਆਰਥੀਆਂ ਅੰਦਰ ਸਾਹਿਤ ਰਚਨਾ ਅਤੇ ਸਾਹਿਤਕ ਗਾਇਕੀ ਦੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਉਨ੍ਹਾਂ ਨੂੰ ਚੰਗੇਰੇ ਜੀਵਨ ਮੁੱਲਾਂ ਨਾਲ ਜੋੜਨਾ ਹੈ। ਇਸ ਮੌਕੇ ਵਿਦਿਆਰਥੀਆਂ ਦੇ ਲੇਖ ਰਚਨਾ, ਕਹਾਣੀ ਰਚਨਾ, ਕਾਵਿ ਰਚਨਾ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਲੇਖ ਰਚਨਾ ਮੁਕਾਬਲੇ ਵਿੱਚ ਬਾਈ ਅਜਮੇਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠੀ ਭਾਈ, ਮੋਗਾ ਦੀ ਵਿਦਿਆਰਥਣ ਜਰਮਨਪ੍ਰੀਤ ਕੋਰ ਨੇ ਪਹਿਲਾ, ਕੇਵਲ ਸਿੰਘ ਸਰਕਾਰੀ ਹਾਈ ਸਕੂਲ ਸੇਖਾ ਕਲਾਂ, ਮੋਗਾ ਦੇ ਵਿਦਿਆਰਥੀ ਸ਼ਿੰਦਾ ਸਿੰਘ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਕੋਠੇ ਪੱਤੀ ਮੁਹੱਬਤ, ਮੋਗਾ ਦੇ ਵਿਦਿਆਰਥੀ ਰੋਬਿਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਹਾਣੀ ਰਚਨਾ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ, ਮੰਗੇਵਾਲਾ, ਮੋਗਾ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਪਹਿਲਾ, ਮਾਸਟਰ ਹਰੀ ਸਿੰਘ ਬਰਾੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੂਵਾਲਾ, ਮੋਗਾ ਦੀ ਵਿਦਿਆਰਥਣ ਮਨਮੀਤ ਕੌਰ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਲਸਰ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਰਚਨਾ ਮੁਕਾਬਲੇ ਵਿੱਚ ਮਾਸਟਰ ਹਰੀ ਸਿੰਘ ਬਰਾੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੂੰਵਾਲਾ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਪਹਿਲਾ, ਕੇਵਲ ਸਿੰਘ ਸਰਕਾਰੀ ਹਾਈ ਸਕੂਲ ਸੇਖਾ ਕਲਾਂ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਬੰਬੀਹਾ ਭਾਈ ਦੀ ਵਿਦਿਆਰਥਣ ਕਮਲਪ੍ਰਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਗਾਇਨ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਦੀ ਵਿਦਿਆਰਥਣ ਸੁਖਮਨਜੀਤ ਕੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਡੇਵਾਲਾ ਦੇ ਵਿਦਿਆਰਥੀ ਸੌਰਫ ਸਿੰਘ ਧਾਲੀਵਾਲ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਪੰਜਗਰਾਈਂ ਖੁਰਦ ਮੋਗਾ ਦੀ ਵਿਦਿਆਰਥਣ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਪੰਜਾਬੀ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ, (ਸਰਕਾਰੀ ਸੀਨੀ. ਸੈਕੰ. ਸਕੂਲ, ਖੁਖਰਾਣਾ) ਅੰਗਰੇਜ਼ੀ ਮਾਸਟਰ ਸ਼੍ਰੀ ਧਰਮਜੀਤ ਸਿੰਘ (ਸਰਕਾਰੀ ਸੀਨੀ. ਸੈਕੰ. ਸਕੂਲ (ਮੁੰਡੇ) ਬੱਧਨੀ ਕਲਾਂ) ਅਤੇ ਐੱਸ. ਐੱਸ. ਮਾਸਟਰ ਜਸਵਿੰਦਰ ਕੁਮਾਰ (ਸਰਕਾਰੀ ਸੀਨੀ. ਸੈਕੰ. ਸਕੂਲ, ਕੈਲਾ, ਮੋਗਾ) ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਸ. ਅਵਤਾਰ ਸਿੰਘ ਕਰੀਰ ਦੀ ਪੁਸਤਕ 'ਗਿਆਨ ਅਤੇ ਵਿਗਿਆਨ' ਅਤੇ ਸਰਕਾਰੀ ਹਾਈ ਸਕੂਲ, ਮੰਗੇਵਾਲ ਦਾ ਸਾਲਾਨਾ ਮੈਗਜ਼ੀਨ 'ਉਡਾਰੀਆਂ' ਦਾ ਲੋਕ ਅਰਪਣ ਕੀਤਾ ਗਿਆ। ਸ. ਅਵਤਾਰ ਸਿੰਘ ਕਰੀਰ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਆਯੋਜਿਤ ਕੀਤੇ ਜਾਣੇ ਸਮੇਂ ਦੀ ਲੋੜ ਹੈ। ਸ. ਬਲਵਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਉਣ ਵਾਲੇ ਭਵਿੱਖ ਵਿੱਚ ਹੋਰ ਬੁਲੰਦੀਆਂ ਛੂਹਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡਾ. ਰਾਜਬਿੰਦਰ ਸਿੰਘ ਨੇ ਕਿਹਾ ਕਿ ਡਾਇਟ, ਮੋਗਾ ਵੱਲੋਂ ਭਾਸ਼ਾ ਵਿਭਾਗ ਨੂੰ ਭਵਿੱਖ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਵੀ ਹਰ ਤਰ੍ਹਾਂ ਨਾਲ ਭਰਪੂਰ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸ. ਨਵਦੀਪ ਸਿੰਘ ਜੂਨੀਅਰ ਸਹਾਇਕ, ਵੱਖ-ਵੱਖ ਸਕੂਲਾਂ ਤੋਂ ਵਿਦਿਆਰਥੀਆਂ ਨਾਲ ਆਏ ਅਧਿਆਪਕ ਸਾਹਿਬਾਨ ਅਤੇ ਮਾਪੇ ਸ਼ਾਮਲ ਸਨ।