ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਝੋਨੇ ਦਾ ਮੁਫਤ ਬੀਜ ਦੇਵੇਗੀ : ਰਾਏ

  • ਝੋਨੇ ਦੀ ਕਿਸਮ ਪੀ.ਆਰ. 126 ਤੇ 1509 ਦਾ ਦਿੱਤਾ ਜਾਵੇਗਾ ਬੀਜ
  • ਬੀਜ ਲੈਣ ਲਈ ਹਲਕਾ ਵਿਧਾਇਕ ਦੇ ਦਫ਼ਤਰ ਜਾਂ ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ ਕੀਤਾ ਜਾ ਸਕਦੈ ਸੰਪਰਕ

ਫ਼ਤਹਿਗੜ੍ਹ ਸਾਹਿਬ, 20 ਜੁਲਾਈ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਹੜ੍ਹਾਂ ਨਾਲ ਪੀੜ੍ਹਤ ਕਿਸਾਨਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਲਈ ਵਚਨਬੱਧ ਹੈ ਅਤੇ ਸਰਕਾਰ ਵੱਲ਼ ਹੜ੍ਹ ਪੀੜ੍ਹਤ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦਾ ਬੀਜ ਪੀ.ਆਰ.126 ਤੇ 1509 ਮੁਫਤ ਦੇਵੇਗੀ ਤਾਂ ਜੋ ਕਿਸਾਨ ਮੁੜ ਤੋਂ ਝੋਨੇ ਦੀ ਬਿਜਾਈ ਕਰ ਸਕਣ। ਇਹ ਜਾਣਕਾਰੀ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਦਿੱਤੀ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਆਈ ਭਾਰੀ ਬਰਸਾਤ ਕਾਰਨ ਕਿਸਾਨਾਂ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ ਜਿਸ ਦੀ ਭਰਪਾਈ ਕਰਨਾ ਸਰਕਾਰ ਦਾ ਮੁਢਲਾ ਫਰਜ਼ ਬਣਦਾ ਹੈ। ਵਿਧਾਇਕ ਰਾਏ ਨੇ ਕਿਹਾ ਕਿ ਸਰਕਾਰ ਵੱਲੋਂ ਕਰਵਾਏ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਕਿਸਾਨਾਂ ਕੋਲ  ਝੋਨੇ ਦੀ ਦੁਬਾਰਾ ਬੀਜਾਈ ਕਰਨ ਵਾਸਤੇ ਪਨੀਰੀ ਉਪਲਬਧ ਨਹੀਂ ਹੈ ਜਿਸ ਤੇ ਕਾਰਵਈ ਕਰਦਿਆਂ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਨੀਰੀ ਦਾ ਬੀਜ ਲੈਣ ਦੇ ਚਾਹਵਾਨ ਕਿਸਾਨ ਉਨ੍ਹਾਂ ਦੇ ਆਮ ਖਾਸ ਬਾਗ ਨੇੜੇ ਸਥਿਤ ਦਫ਼ਤਰ ਵਿਖੇ ਜਾਂ ਮੁੱਖ ਖੇਤੀਬਾੜੀ ਅਫਸਰ ਦੇ ਅੱਤੇਵਾਲੀ ਸਥਿਤ ਦਫ਼ਤਰ ਵਿਖੇ ਸੰਪਰਕ ਕਰਕੇ ਇਹ ਬੀਜ ਹਾਸਲ ਕਰ ਸਕਦੇ ਹਨ।
ਐਡਵੋਕੇਟ ਰਾਏ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਚੰਗੀ ਤਰ੍ਹਾਂ ਜਾਣਦੀ ਹੈ ਇਸ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ।