ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਚੁੱਕ ਰਹੀ ਇਤਿਹਾਸਕ ਕਦਮ : ਲਖਵੀਰ ਸਿੰਘ ਰਾਏ 

  • ਵਿਧਾਇਕ ਲਖਵੀਰ ਸਿੰਘ ਰਾਏ, ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਕੂਲ ਆਫ ਐਮੀਨੈਂਸ ਦੇ ਉਦਘਾਟਨ ਮੌਕੇ ਕੀਤੀ ਜਾਣ ਵਾਲੀ ਰੈਲੀ ਲਈ ਪਾਰਟੀ ਵਰਕਰਾਂ ਸਮੇਤ ਹੋਏ ਰਵਾਨਾਂ 

ਫ਼ਤਹਿਗੜ੍ਹ ਸਾਹਿਬ, 13 ਸਤੰਬਰ : ਜਦੋਂ ਤੋਂ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਹੀ ਸਿੱਖਿਆ ਤੇ ਸਿਹਤ ਨੂੰ ਪਹਿਲੀ ਤਰਜ਼ੀਹ ਮੰਨਦੇ ਹੋਏ ਇਤਿਹਾਸਕ ਕਦਮ ਚੁੱਕੇ ਗਏ ਹਨ ਜਿਨ੍ਹਾਂ ਵਿੱਚੋਂ ਸਕੂਲ ਆਫ ਐਮੀਨੈਂਸ ਬਣਾਉਣ ਦਾ ਫੈਸਲਾ ਆਪਣੇ ਆਪ ਵਿੱਚ ਇਤਿਹਾਸਕ ਫੈਸਲਾ ਹੈ। ਪੰਜਾਬ ਸਰਕਾਰ ਦਾ ਇਸ ਫੈਸਲੇ ਨਾਲ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾ ਰਹੀ ਸਿੱਖਿਆ ਦਾ ਮਿਆਰ ਹੋਰ ਉੱਚਾ ਹੋਇਆ ਹੈ, ਜਿਸ ਦਾ ਲਾਭ ਆਉਣ ਵਾਲੇ ਸਮੇਂ ਅੰਦਰ ਵੇਖਣ ਨੂੰ ਮਿਲੇਗਾ। ਇਹ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਵਿਖੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਸਕੂਲ ਆਫ ਐਮੀਨੈਂਸ ਦੇ ਉਦਘਾਟਨ ਮੌਕੇ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਵਿੱਚ ਸ਼ਾਮਲ ਹੋਣ ਲਈ ਪਾਰਟੀ ਵਰਕਰਾਂ ਸਮੇਤ ਰਵਾਨਾਂ ਹੋਣ ਮੌਕੇ ਗੱਲਬਾਤ ਕਰਦਿਆਂ ਕੀਤਾ।  ਵਿਧਾਇਕ ਰਾਏ ਨੇ ਕਿਹਾ ਕਿ ਪਿਛਲੇ ਸਮਿਆਂ ਅੰਦਰ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ ਅਤੇ ਸਿਆਸੀ ਲੋਕਾਂ ਦੀ ਮਿਲੀਭੁਗਤ ਨਾਲ ਪ੍ਰਾਈਵੇਟ ਸਕੂਲ ਵੱਧ ਫੁੱਲ ਰਹੇ ਸਨ ਜਿਨ੍ਹਾਂ ਵਿੱਚ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਉਣਾ ਬਹੁਤ ਮੁਸ਼ਕਲ ਹੁੰਦਾ ਸੀ। ਆਮ ਆਦਮੀ ਪਾਰਟੀ ਨੇ ਆਮ ਲੋਕਾਂ ਦੀ ਇਸ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਸਕੂਲਾਂ ਵਿੱਚ ਹੀ ਆਧੁਨਿਕ ਢੰਗ ਤਰੀਕਿਆਂ ਨਾਲ ਪੜਾਈ ਕਰਵਾਉਣ ਦੇ ਮੰਤਵ ਨਾਲ ਸਕੂਲ ਆਫ ਐਮੀਨੈਂਸ ਬਣਾਏ ਜਿਥੇ ਕਿ ਵਿਦਿਆਰਥੀਆਂ ਨੂੰ ਆਈ.ਏ.ਐਸ., ਆਈ.ਪੀ.ਐਸ., ਆਈ.ਆਈ.ਟੀ., ਲਾਅ, ਮੈਡੀਕਲ ਆਦਿ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਛੇਤੀ ਹੀ ਸੂਬੇ ਅੰਦਰ ਅਜਿਹੇ ਕੇਂਦਰ ਸਥਾਪਤ ਕਰਨ ਜਾ ਰਹੀ ਹੈ ਜਿਥੇ ਕਿ ਵਿਦਿਆਰਥੀਆਂ ਨੂੰ ਆਈ.ਏ.ਐਸ. ਤੇ ਆਈ.ਪੀ.ਐਸ. ਵਰਗੀਆਂ ਪੜਾਈਆਂ ਕਰਵਾਈਆਂ ਜਾਣਗੀਆਂ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਉਚ ਆਹੁਦਿਆਂ ਤੇ ਪਹੁੰਚ ਸਕਣ।  ਵਿਧਾਇਕ ਨੇ ਹੋਰ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਬਹੁਤ ਨੇੜਿਓਂ ਮਹਿਸੂਸ ਕਰਦੇ ਹੋਏ ਸਿੱਖਿਆ ਤੇ ਸਿਹਤ ਨੂੰ ਵਿਕਸਤ ਸਮਾਜ ਦੇ ਅਹਿਮ ਮੁੱਢ ਮੰਨਦੇ ਹੋਏ ਜਿਸ ਤਰ੍ਹਾਂ ਦਿੱਲੀ ਵਿਖੇ ਬੇਮਿਸਾਲ ਕੰਮ ਕੀਤੇ ਹਨ ਉਥੇ ਹੀ ਹੁਣ ਪੰਜਾਬ ਅੰਦਰ ਵੀ ਸਰਕਾਰੀ ਹਸਪਤਾਲਾਂ ਤੇ ਸਰਕਾਰੀ ਸਕੂਲਾਂ ਦਾ ਮਿਆਰ ਹੋਰ ਉੱਚਾ ਹੋਵੇਗਾ ਅਤੇ ਪੰਜਾਬ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਲ ਹੋਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਗੁਰਸਤਿੰਦਰ ਸਿੰਘ ਜੱਲ੍ਹਾ, ਆਸ਼ੀਸ਼ ਅੱਤਰੀ, ਬੰਟੀ ਸੈਣੀ, ਮਾਨਵ ਟਿਵਾਣਾ, ਹਰਮੇਸ਼ ਪੂਨੀਆਂ, ਤਰਸੇਮ ਉੱਪਲ, ਅਮਨਦੀਪ ਪੋਲਾ, ਨਿਰਮਲ ਸਿੰਘ ਰਿਊਣਾ, ਗੁਰਦੀਪ ਸਿੰਘ ਲਾਲਾ, ਸਤੀਸ਼ ਲਟੌਰ, ਬਲਜਿੰਦਰ ਸਿੰਘ ਗੋਲਾ, ਮੋਹਿਤ ਸੂਦ, ਪਵੇਲ ਹਾਂਡਾ, ਬਲਵੀਰ ਸਿੰਘ ਸੋਢੀ, ਹਰਮੇਸ਼ ਛੰਨਾ, ਅਵਤਾਰ ਸਿੰਘ ਟਿਵਾਣਾ, ਅਜੀਤ ਸਿੰਘ ਤਿੰਬਰਪੁਰ, ਬਲਵੀਰ ਸਿੰਘ ਚੀਮਾ, ਗੁਰਦੀਪ ਸਿੰਘ ਗੁਣੀਆਂ ਮਾਜਰੀ, ਜਗਤਾਰ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਆਹੁਦੇਦਾਰ ਹਾਜਰ ਸਨ।