ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇ ਰਿਹਾ ਹੈ : ਕੈਬਨਿਟ ਮੰਤਰੀ ਬੈਂਸ 

  • ਕੈਬਨਿਟ ਮੰਤਰੀ ਨੇ ਸਿਵਲ ਹਸਪਤਾਲ ਨੰਗਲ ਦਾ ਕੀਤਾ ਅਚਨਚੇਤ ਦੌਰਾ
  • ਨਗਰ ਕੋਂਸਲ ਨੂੰ ਰੋਗਾਣੂ ਮੁਕਤ ਦਵਾਈ ਦਾ ਛਿੜਕਾਅ ਤੇ ਨਿਰੰਤਰ ਫੋਗਿੰਗ ਕਰਵਾਉਣ ਦੀ ਹਦਾਇਤ
  • ਲੋਕਾਂ ਤੋ ਘਰਾਂ, ਵਪਾਰਕ ਅਦਾਰਿਆਂ ਨੇੜੇ ਸਾਫ ਸਫਾਈ ਰੱਖਣ ਵਿੱਚ ਮੰਗਿਆ ਸਹਿਯੋਗ

ਨੰਗਲ 07 ਸਤੰਬਰ : ਵਾਤਾਵਰਣ ਵਿੱਚ ਨਿਰੰਤਰ ਹੋ ਰਹੇ ਬਦਲਾਅ ਅਤੇ ਮੌਸਮ ਦੀਆਂ ਤਬਦੀਲੀਆਂ ਨਾਲ ਮੌਸਮੀ ਬਿਮਾਰੀਆਂ ਡੇਂਗੂ, ਚਿਕਨਗੁਨੀਆਂ ਵਰਗੇ ਰੋਂਗ ਕਈ ਵਾਰ ਜਾਨ ਲੇਵਾ ਬਣ ਜਾਂਦੇ ਹਨ। ਜਿਨ੍ਹਾਂ ਤੋ ਬਚਾਅ ਲਈ ਜਰੂਰੀ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਇਸ ਲਈ ਨਗਰ ਕੋਂਸਲ ਅਤੇ ਸਿਹਤ ਵਿਭਾਗ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ, ਇਸ ਲਈ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੰਗਲ ਸ਼ਹਿਰ ਦੇ ਸਬ ਡਵੀਜਨ ਹਸਪਤਾਲ ਨੰਗਲ ਦਾ ਦੌਰਾ ਕਰਨ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਨਗਰ ਕੋਂਸਲ ਨੂੰ ਸ਼ਹਿਰ ਦੇ ਹਰ ਖੇਤਰ ਦੀ ਰੋਜ਼ਾਨਾ ਸਫਾਈ, ਰੋਗਾਣੂ ਮੁਕਤ ਦਵਾਈ ਦਾ ਛਿੜਕਾਅ, ਨਿਰੰਤਰ ਫੋਗਿੰਗ ਅਤੇ ਗੰਦੇ ਪਾਣੀ ਦੀ ਨਿਕਾਸੀ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਿਹਤ ਵਿਭਾਗ ਨੂੰ ਲੋਕਾਂ ਦੀ ਨਿਰੰਤਰ ਸਿਹਤ ਜਾਂਚ ਕਰਨ ਅਤੇ ਜਾਗਰੂਕਤਾ ਕੈਂਪ ਲਗਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਸੁੱਕਰਵਾਰ ਨੂੰ ਡਰਾਈ ਡੇਅ ਵੱਜੋਂ ਮਨਾਇਆਂ ਜਾਂਦਾ ਹੈ ਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਡੇਂਗੂ ਦਾ ਲਾਰਵਾ ਚੈਕ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਿਹਤ ਵਿਭਾਗ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇ ਰਿਹਾ ਹੈ। ਸਰਕਾਰੀ ਹਸਪਤਾਲ, ਮੁੱਢਲੇ ਸਿਹਤ ਕੇਂਦਰ, ਕਮਿਊਨਿਟੀ ਹੈਲਥ ਸੈਂਟਰ ਤੋ ਇਲਾਵਾ 8 ਆਮ ਆਦਮੀ ਕਲੀਨਿਕ ਵਿੱਚ ਲੋਕਾਂ ਨੂੰ ਮੁਫਤ ਦਵਾਈ, ਟੈਸਟ ਅਤੇ ਸਿਹਤ ਜਾਂਚ ਦੀ ਸਹੂਲਤ ਉਪਲੱਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਸਬ ਡਵੀਜਨ ਹਸਪਤਾਲ ਨੰਗਲ ਵਿੱਚ ਵੱਖ ਵੱਖ ਵਾਰਡਾਂ ਦਾ ਦੌਰਾ ਕਰਕੇ ਉਥੇ ਉਪਲੱਬਧ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਲਈ ਅਤੇ ਮਰੀਜ਼ਾ ਦਾ ਹਾਲ ਚਾਲ ਜਾਣਿਆ। ਉਨ੍ਹਾਂ ਨੇ ਮਰੀਜ਼ਾ ਨਾਲ ਆਏ ਪਰਿਵਾਰਕ ਮੈਂਬਰਾਂ ਤੋ ਵੀ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਨੰਗਲ ਵਿੱਚ 350 ਤੋ ਵੱਧ ਮਰੀਜ਼ ਓ.ਪੀ.ਡੀ ਵਿੱਚ ਆਉਦੇ ਹਨ, ਇਹ ਓ.ਪੀ.ਡੀ ਵਿਚ ਆਉਣ ਵਾਲੇ ਨਵੇ ਮਰੀਜ਼ਾ ਦੀ ਗਿਣਤੀ ਹੈ, ਜਦੋਂ ਕਿ 20 ਪ੍ਰਤੀਸ਼ਤ ਪੁਰਾਣੇ ਮਰੀਜ਼ ਵੀ ਆ ਰਹੇ ਹਨ, ਜੱਚਾ ਬੱਚਾ ਕੇਂਦਰ ਵਿਚ ਜਣੇਪੇ ਲਈ ਹੁਣ ਗਰਭਵਤੀ ਔਰਤਾਂ ਦੀ ਆਮਦ ਵੀ ਪਹਿਲਾ ਨਾਲੋਂ ਵੱਧ ਗਈ ਹੈ, ਸਾਡੀ ਸਰਕਾਰ ਹੋਰ ਬਿਹਤਰੀਨ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਉਪਰਾਲੇ ਕਰ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਲੋਕ ਪ੍ਰਸਾਸ਼ਨ ਵੱਲੋਂ ਚਲਾਈ ਜਾ ਰਹੀ ਸਵੱਛਤਾ ਮੁਹਿੰਮ ਵਿਚ ਸਹਿਯੋਗ ਦੇਣ ਤਾਂ ਜੋ ਡੇਂਗੂ ਵਰਗੀਆਂ ਬਿਮਾਰੀਆਂ ਨੂੰ ਫੈਲਣ ਤੋ ਰੋਕਿਆ ਜਾ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਡਾ.ਸੰਜੀਵ ਗੌਤਮ,ਦਲਜੀਤ ਸਿੰਘ ਕਾਕਾ ਨਾਨਗਰਾ, ਡਾ.ਅਮਨ ਕਾਲੀਆ, ਦਿਪ ਸ਼ਿਖਾ, ਅਮਰੀਸ਼ਬਾਲੀ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।