ਮਾਂ ਬੋਲੀ ਪੰਜਾਬੀ ਦੀ ਪ੍ਰਫੁਲਤਾ ਲਈ ਪੰਜਾਬ ਸਰਕਾਰ ਨੇ ਕੀਤਾ ਵੱਡਾ ਉਪਰਾਲਾ - ਸਪਕੀਰ ਸੰਧਵਾਂ

ਫ਼ਰੀਦਕੋਟ, 3 ਜਨਵਰੀ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਰਸਾਰ ਅਤੇ ਇਸ ਦੀ ਪ੍ਰਫੁੱਲਤਾ ਲਈ  ਰਾਜ ਵਿਚ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਨੂੰ ਮਹੱਤਤਾ ਦੇਣ ਲਈ ਜ਼ਿਲੇ ਦੇ ਸਮੂਹ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ/ਵਿਭਾਗਾਂ/ ਅਦਾਰਿਆਂ/ਸੰਸਥਾਵਾਂ/ਵਿੱਦਿਅਕ ਅਦਾਰਿਆਂ/ਬੋਰਡਾਂ/ਨਿਗਮਾਂ ਅਤੇ ਗੈਰ ਸਰਕਾਰੀ ਸੰਸਥਾਵਾਂ/ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਆਦਿ ਦੇ ਨਾਮ/ਸੜਕਾਂ ਦੇ ਨਾਮ/ਮੀਲ ਪੱਥਰ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿੱਚ 20 ਫਰਵਰੀ, 2023 ਤੱਕ ਲਿਖਣ ਦੇ ਆਦੇਸ਼ ਜਾਰੀ ਕੀਤੇ ਹੋਏ ਹਨ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਜਿਲ੍ਹਾ ਭਾਸ਼ਾ ਦਫਤਰ ਫਰੀਦਕੋਟ ਦਾ ਦੌਰਾ ਕਰਨ ਉਪਰੰਤ ਕੀਤਾ। ਉਨ੍ਹਾਂ ਦਫਤਰ ਭਾਸ਼ਾ ਵਿਭਾਗ ਵਿਖੇ ਮੌਜੂਦ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ ਅਤੇ ਦਫਤਰ ਦੀ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਭਾਸ਼ਾ ਵਿਭਾਗ, ਪੰਜਾਬ ਦੇ 75 ਵੇਂ ਸਥਾਪਨਾ ਦਿਵਸ ਮੌਕੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ ਆਪਣੇ ਸਥਾਪਨਾ ਵਰ੍ਹੇ ਤੋਂ ਲੈ-ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਅਤੇ ਸੰਭਾਲ ਲਈ ਨਿਰੰਤਰ ਯਤਨਸ਼ੀਲ ਹੈ। ਇਸ ਮੌਕੇ ਉਨ੍ਹਾਂ ਆਦੇਸ਼ ਜਾਰੀ ਕੀਤੇ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਇਹਨ੍ਹਾਂ ਆਦੇਸ਼ਾਂ ਨੂੰ 20 ਫਰਵਰੀ 2023 ਤੋਂ ਪਹਿਲਾਂ ਪਹਿਲਾਂ ਅਮਲ ਵਿੱਚ ਲਿਆਂਦਾ ਜਾਵੇ, ਨਹੀਂ ਤਾਂ ਸਬੰਧਤ ਵਿਭਾਗਾਂ ਦੇ ਮੁੱਖੀ, ਸੰਸਥਾਵਾ ਦੇ ਮੁੱਖੀ, ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਦੇ ਮੁੱਖੀ ਆਦਿ ਜਿੰਮੇਵਾਰ ਹੋਣਗੇ ਅਤੇ ਉਨ੍ਹਾਂ ਖਿਲਾਫ ਹੁਕਮਾਂ ਦਾ ਪਾਲਣਾ ਨਾ ਕਰਨ ਤੇ ਪੰਜਾਬ ਰਾਜ ਭਾਸ਼ਾ ਤਰਮੀਮ ਐਕਟ-2008 ਅਤੇ 2021 ਵਿੱਚ ਦਰਜ ਉਪਬੰਧਾਂ ਅਨੁਸਾਰ ਜੁਰਮਾਨਾ ਲਗਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਜਿਲਾ ਭਾਸ਼ਾ ਅਫਸਰ ਸ੍ਰੀ ਮਨਜੀਤ ਪੁਰੀ ਨੇ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਨੂੰ ਜਿਲਾ ਭਾਸ਼ਾ ਦਫਤਰ ਵਿੱਚ ਪਈਆਂ ਖਾਲੀ ਆਸਾਮੀਆਂ ਨੂੰ ਜਲਦ ਪੁਰ ਕਰਨ ਦੀ ਮੰਗ ਰੱਖੀ।ਇਸ ਮੌਕੇ ਪੀ.ਆਰ. ਓ ਸ੍ਰੀ ਮਨਪ੍ਰੀਤ ਸਿੰਘ ਧਾਲੀਵਾਲ, ਸ਼ਿਵਜੀਤ ਸਿੰਘ ਸੰਘਾ ਅਤੇ ਅਮਨਦੀਪ ਸਿੰਘ ਸੰਧੂ ਦੋਨੋਂ ਪੀ.ਏ. ਟੂ ਸਪੀਕਰ ਵੀ ਹਾਜ਼ਰ ਸਨ।