ਪੰਜਾਬ ਸਰਕਾਰ ਨੇਕ ਤੇ ਸਾਫ ਨੀਅਤ ਨਾਲ ਲੋਕਾਂ ਦੇ ਕਰ ਰਹੀ ਹੈ ਕੰਮ : ਖੁੱਡੀਆ

  • ਜਲਾਲਾਬਾਦ ਵਿਖੇ ਸ੍ਰੀ ਦੇਵਰਾਜ ਸ਼ਰਮਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਹੋਈ ਤਾਜਪੋਸ਼ੀ
  • ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ, ਪੋਸ਼ਕ ਤੱਤਾਂ ਨਾਲ ਭਰਪੂਰ ਪਰਾਲੀ ਨੂੰ ਵਹਾਇਆ ਜਾਵੇ ਜਮੀਨ ਵਿਚ

ਫਾਜਿਲ਼ਕਾ, 11 ਅਕਤੂਬਰ : ਜਲਾਲਾਬਾਦ ਵਿਖੇ ਸ੍ਰੀ ਦੇਵਰਾਜ ਸ਼ਰਮਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਤਾਜਪੋਸ਼ੀ ਕਰਨ ਲਈ ਪੁੱਜੇ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੂੱਡੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇਕ ਤੇ ਸਾਫ ਨੀਅਤ ਨਾਲ ਆਮ ਲੋਕਾਂ ਦੀ ਭਲਾਈ ਵਿਚ ਤੇ ਕਿਸਾਨਾਂ ਨੂੰ ਆਰਥਿਕ ਪੱਖੋਂ ਹੋਰ ਉਚਾ ਚੁਕਣ *ਤੇ ਲਗੀ ਹੋਈ ਹੈ। ਉਨ੍ਹਾਂ ਤਾਜਪੋਸ਼ੀ ਦੌਰਾਨ ਨਵ ਨਿਯੁਕਤ ਚੇਅਰਮੈਨ ਨੂੰ ਅਹੁੱਦਾ ਮਿਲਣ *ਤੇ ਵਧਾਈ ਦਿੱਤੀ ਅਤੇ ਜਿੰਮੇਵਾਰੀ ਵੀ ਸੌਂਪੀ ਕਿ ਮੰਡੀਆਂ ਵਿਚ ਕਿਸਾਨਾਂ, ਮਜਦੂਰਾਂ, ਆੜਤੀਆਂ ਅਤੇ ਹਰ ਸਬੰਧਤ ਵਰਗ ਨੂੰ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਖੇਤੀਬਾੜੀ ਮੰਤਰੀ ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਅਸੀਂ ਦੇਸ਼ ਨੂੰ ਅੰਨ ਪ੍ਰਦਾਨ ਕਰਦੇ ਹਾਂ ਤੇ ਇਸ ਲਈ ਕਿਸਾਨ ਵੀਰਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਦੀ ਹੋਰ ਬਿਹਤਰੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਲਦ ਨਵੀਂ ਖੇਤੀਬਾੜੀ ਨੀਤੀ ਲਿਆ ਰਹੀ ਹੈ ਤਾਂ ਜੋ ਜਮੀਨ ਅਨੁਸਾਰ ਕਿਸਾਨ ਵੀਰ ਫਸਲ ਦੀ ਬਿਜਾਈ ਕਰਨਗੇ ਤੇ ਫਸਲ ਦਾ ਵਧੇਰੇ ਮੁਲ ਪ੍ਰਾਪਤ ਕਰ ਸਕਣਗੇ । ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ *ਚ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਮੰਡੀਆਂ ਵਿਚ ਫਸਲ ਦੇ ਢੇਰ ਨਾ ਲਾਉਣੇ ਪੈਣ ਤੇ ਫਸਲ ਨੂੰ ਨਕਾਰਿਆ ਨਾ ਜਾ ਸਕੇ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕੁਦਰਤੀ ਆਫਤਾਂ ਦੇ ਬਾਵਜੂਦ ਕਿਸਾਨਾਂ ਦੀਆਂ ਫਸਲਾਂ ਠੀਕ ਹਨ ਜਿਥੇ ਕਿਤੇ ਫਸਲ ਨੁਕਸਾਨੀ ਗਈ ਹੈ ਉਥੇ ਸਰਕਾਰ ਵੱਲੋਂ ਮੁਆਵਜਾ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਫਸਲਾਂ ਦੇ ਬਚਾਅ ਲਈ ਵੀ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਗੈਰ ਸਿਫਾਰਸ਼ੀ ਤੇ ਨਕਲੀ ਬੀਜ ਵੇਚਣ ਵਾਲਿਆਂ *ਤੇ ਠਲ ਪਾਈ ਗਈ ਹੈ ਤੇ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਨਕਲੀ ਬੀਜ ਦੀ ਸਪਲਾਈ ਕਰਨ ਵਾਲਿਆਂ ਨੂੰ ਕਿਸੇ ਕਿਸਮ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨ ਵੀਰਾਂ ਦੇ ਹਿਤਾਂ ਦੀ ਰਾਖੀ ਲਈ ਹਰ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਕਿਹਾ ਕਿ ਉਹ ਜਮੀਨਾਂ *ਤੇ ਜਹਿਰੀਲੀ ਦਵਾਈਆਂ ਦੀ ਵਰਤੋਂ ਨਾ ਕਰਨ, ਖੇਤੀਬਾੜੀ ਵਿਭਾਗ ਦੇ ਦਸੇ ਅਨੁਸਾਰ ਹੀ ਬੀਜਾਂ, ਖਾਦਾਂ, ਸਪਰੇਆਂ ਦੀ ਵਰਤੋਂ ਕਰਨ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਸਰਕਾਰ ਵੱਲੋਂ ਖੇਤੀਬਾੜੀ ਸੰਦ ਵਧੇਰੀ ਗਿਣਤੀ ਵਿਚ ਸਬਸਿਡੀ *ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਦਾਂ ਦੀ ਵਰਤੋਂ ਨਾਲ ਪਰਾਲੀ ਨੂੰ ਜਮੀਨ ਵਿਚ ਵਹਾਇਆ ਜਾਵੇ, ਕਿਉਂ ਕਿ ਪਰਾਲੀ ਅਨੇਕ ਪੋਸ਼ਕ ਤੱਤਾਂ ਨਾਲ ਭਰਪੂਰ ਹੈ। ਇਸ ਦੌਰਾਨ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਸੰਬੋਧਨ ਵਿਚ ਪੰਜਾਬ ਸਰਕਾਰ ਵੱਲੋਂ ਹਰੇਕ ਵਰਗ ਦਾ ਧਿਆਨ ਰੱਖ ਕੇ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਸੇਵਾ ਕਰਨ ਲਈ ਆਮ ਘਰਾਂ ਦੇ ਮੁੰਡਿਆ ਨੂੰ ਅਹੁੱਦੇ ਦਿੱਤੇ ਗਏ ਹਨ ਤਾਂ ਜੋ ਵੱਧ ਤੋਂ ਵੱਧ ਹਲਕੇ ਦਾ ਵਿਕਾਸ ਹੋ ਸਕੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵਰਾਜ ਸ਼ਰਮਾ ਨੇ ਅਹੁੱਦਾ ਸੰਭਾਲਣ *ਤੇ ਮੁੱਖ ਮੰਤਰੀ ਪੰਜਾਬ ਦੇ ਨਾਲ-ਨਾਲ ਖੇਤੀਬਾੜੀ ਮੰਤਰੀ ਤੇ ਮੌਜੂਦਾ ਪੰਜਾਬ ਸਰਕਾਰ ਦਾ ਜਿੰਮੇਵਾਰੀ ਸੌਪਣ *ਤੇ ਧੰਨਵਾਦ ਕੀਤਾ ਅਤੇ ਮਿਲੀ ਜਿੰਮੇਵਾਰੀ ਨੂੰ ਨੇਕ ਨੀਅਤ ਨਾਲ ਨਿਭਾਉਣ ਦਾ ਪ੍ਰਣ ਵੀ ਕੀਤਾ। ਇਸ ਮੌਕੇ ਐਸਡੀਐਮ ਰਵਿੰਦਰ ਅਰੋੜਾ, ਸਾਜਣ ਖੇੜਾ, ਅੰਕੁਸ਼ ਮੁਟਨੇਜਾ, ਆਮ ਆਦਮੀ ਦੀ ਲੀਡਰਸ਼ਿਪ ਆਦਿ ਵੀ ਹਾਜਰ ਸਨ।