ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ  ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਡਾ. ਬਲਜੀਤ ਕੌਰ

  • ਕਿਹਾ, ਲੋੜਵੰਦਾਂ ਨੂੰ ਨਿੱਜੀ ਪਖਾਨੇ ਬਣਾਉਣ ਲਈ ਦਿੱਤੀ ਜਾ ਰਹੀ ਹੈ 2 ਕਰੋੜ 22 ਲੱਖ 66  ਹਜ਼ਾਰ ਰੁਪਏ ਦੀ ਰਾਸ਼ੀ

ਮਲੋਟ, 24 ਨਵੰਬਰ : ਪੰਜਾਬ ਸਰਕਾਰ ਲੋਕਾਂ ਦੀਆਂ ਬੁਨਿਆਦੀ  ਸਹੂਲਤਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਜਿਸ ਤਹਿਤ ਮਲੋਟ ਦੇ 4516 ਲੋੜਵੰਦ ਪਰਿਵਾਰਾਂ ਨੂੰ ਨਿੱਜੀ ਪਖਾਨੇ ਬਣਾਉਣ ਲਈ 2 ਕਰੋੜ 22 ਲੱਖ 66 ਹਜਾਰ 257 ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ, ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਡਾਕਟਰ ਬਲਜੀਤ ਕੌਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਦੱਸਿਆ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮੇਂ ਸਮੇਂ ਤੇ ਗਰੀਬਾਂ ਅਤੇ ਮੱਧ ਵਰਗੀ ਪਰਿਵਾਰਾਂ ਦੇ ਹੱਕਾਂ ਅਤੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰੀ ਸਕੀਮਾਂ ਦੀ ਵਿਉਂਤਬੰਦੀ ਕਰ ਰਹੀ ਹੈ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਮਲੋਟ ਦੇ ਇਹ ਲਾਭਪਾਤਰੀ ਪਖਾਨੇ ਬਣਾਉਣ ਲਈ ਸਹੂਲਤ ਦੀ ਉਡੀਕ ਕਰ ਰਹੇ ਸਨ ਅਤੇ ਹੁਣ ਇਹ ਉਡੀਕ ਜਲਦ ਖਤਮ ਕਰ ਦਿੱਤੀ ਜਾਵੇਗੀ, ਉਹਨਾਂ ਕਿਹਾ ਕੋਈ ਵੀ ਲੋੜਵੰਦ ਵਿਅਕਤੀ ਇਸ ਵਿੱਤੀ ਲਾਭ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।  ਉਹਨਾਂ ਲਾਭਪਾਤਰੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਸ ਰਾਸ਼ੀ ਦਾ ਸਹੀ ਇਸਤੇਮਾਲ ਕਰਨ ਤਾਂ ਜੋ ਉਹਨਾਂ ਦਾ ਰਹਿਣ ਸਹਿਣ ਠੀਕ ਢੰਗ ਨਾਲ ਚੱਲ ਸਕੇ। ਉਹਨਾਂ ਕਿਹਾ ਕਿ ਹੋਰ ਕੋਈ ਵੀ  ਲਾਭਪਾਤਰੀ ਜਿਸ ਨੂੰ ਨਿੱਜੀ ਪਖਾਨਾ ਬਣਾਉਣ ਲਈ ਵਿੱਤੀ ਸਹਾਇਤਾ ਦੀ ਲੋੜ ਹੈ ਉਹ ਜਲਦ ਤੋਂ ਜਲਦ ਮਲੋਟ ਦੇ ਐਡਵਰਡਗੰਜ ਦਫਤਰ ਵਿਖੇ ਆ ਕੇ ਆਪਣਾ ਨਾਮ ਰਜਿਸਟਰ ਕਰਾਉਣ। ਕੈਬਨਟ ਮੰਤਰੀ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਲੋੜਵੰਦ ਵਿਅਕਤੀਆਂ ਦੀ ਸਹੂਲਤ ਲਈ ਅਜਿਹੇ ਕਾਰਜ ਆਰੰਭੇ ਜਾਣਗੇ। ਉਹਨਾਂ ਅੱਗੇ ਕਿਹਾ ਕਿ ਬਲਾਕ ਮਲੋਟ ਦੇ ਵਸਨੀਕਾਂ ਨੂੰ ਪੇਸ਼ ਆ ਰਹੀ ਸੀਵਰੇਜ ਦੀ ਸਮੱਸਿਆ ਨੂੰ ਵੀ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਮਲੋਟ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਜਗਸੀਰ ਸਿੰਘ ਧਾਰੀਵਾਲ ਈ.ਓ ਮਲੋਟ, ਗਗਨ ਔਲਖ ਸ਼ਹਿਰੀ ਪ੍ਰਧਾਨ, ਕੁਲਵਿੰਦਰ ਸਿੰਘ ਬਰਾੜ ਬਲਾਕ ਪ੍ਰਧਾਨ, ਜਸਮੀਤ ਬਰਾੜ ਸ਼ਹਿਰੀ ਪ੍ਰਧਾਨ, ਲਵ ਬਤਰਾ, ਲਾਲੀ ਗਗਨੇਜਾ ਬਲਾਕ ਪ੍ਰਧਾਨ, ਰਮੇਸ਼ ਅਰਨੀਵਾਲਾ ਅਤੇ ਜਗਨਨਾਥ ਸ਼ਰਮਾ ਮੌਜੂਦ ਸਨ।