ਪੰਜਾਬ ਸਰਕਾਰ ਖਿਡਾਰੀਆਂ ਨੂੰ ਹਰ ਸਹੂਲਤ ਦੇਣ ਲਈ ਵਚਨਬੱਧ : ਵਿਧਾਇਕ ਸੇਖੋਂ

  • ਨਹਿਰੂ ਸਟੇਡੀਅਮ ਵਿਖੇ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਕੀਤਾ ਗਿਆ ਪੂਰਾ

ਫਰੀਦਕੋਟ 30 ਅਕਤੂਬਰ : ਫਰੀਦਕੋਟ ਤੋਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਹਰ ਕਿਸਮ ਦੀ ਸਹੂਲਤ ਦੇਣ ਲਈ ਵਚਨਬੱਧ ਹੈ, ਜਿਸ ਖਾਤਰ ਫੰਡਾਂ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੁਹਰਾਇਆ ਕਿ ਖਿਡਾਰੀ ਪੂਰੀ ਇਕਾਗਰਤਾ ਨਾਲ ਕੇਵਲ ਆਪਣੇ ਖੇਡ ਤੇ ਧਿਆਨ ਦੇਣ, ਬਾਕੀ ਦਾ ਸਾਰਾ ਕੰਮ ਸਰਕਾਰ ਵੱਲੋਂ ਸੰਭਾਲ ਲਿਆ ਜਾਵੇਗਾ। ਅੱਜ ਵਿਧਾਇਕ ਸੇਖੋਂ ਨੇ ਉਚੇਚੇ ਤੌਰ ਤੇ ਨਹਿਰੂ ਸਟੇਡੀਅਮ ਵਿਖੇ ਪਹੁੰਚ ਕੇ ਖਿਡਾਰੀਆਂ ਨੂੰ ਦਰਪੇਸ਼ ਆ ਰਹੀਆਂ ਦਿੱਕਤਾਂ ਦੇ ਮੱਦੇਨਜ਼ਰ ਕਰਵਾਏ ਗਏ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੁਝ ਖਿਡਾਰੀਆਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਨਹਿਰੂ ਸਟੇਡੀਅਮ ਵਿਖੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਦੇ ਖੇਡਣ ਵਿੱਚ ਰੁਕਾਵਟਾਂ ਆ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਖੇਡ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਨਾਲ ਇਹ ਮਸਲਾ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਖੇਡ ਮੰਤਰੀ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਵੀ ਵਾਇਦਾ ਕੀਤਾ ਗਿਆ ਸੀ। ਉਨ੍ਹਾਂ ਖੇਡ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਕਾਫੀ ਹੱਦ ਤੱਕ ਮੁਸ਼ਕਿਲਾਂ ਦਾ ਨਿਪਟਾਰਾ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਰਹਿੰਦੀਆਂ ਖਾਮੀਆਂ ਨੂੰ ਵੀ ਦੂਰ ਕਰ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਸਟੇਡੀਅਮ ਵਿੱਚ ਲੜਕੇ/ਲੜਕੀਆਂ ਦੇ ਬਾਥਰੂਮਾਂ ਨੂੰ ਅਪਗਰੇਡ ਅਤੇ ਰੈਨੋਵੇਟ ਕੀਤਾ ਜਾ ਚੁੱਕਾ ਹੈ ਅਤੇ ਕਬੱਡੀ ਹਾਲ ਵਿੱਚ ਪੌੜੀਆਂ ਨੂੰ ਦਰੁਸੱਤ ਕਰ ਦਿੱਤਾ ਗਿਆ ਹੈ। ਇਸੇ ਹੀ ਹਾਲ ਦੇ ਚੇਜਿੰਗ ਰੂਮ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਰੂਮ ਨੂੰ ਵੀ ਦਰੁੱਸਤ ਕਰਕੇ ਖਿਡਾਰੀਆਂ ਦੇ ਸੁਪਰੱਦ ਕਰ ਦਿੱਤਾ ਗਿਆ ਹੈ।