ਖੇਡਾਂ ਦੀ ਤਿਆਰੀ ਲਈ ਇਨਾਮੀ ਰਾਸ਼ੀ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ : ਮੀਤ ਹੇਅਰ

  • ਏਸ਼ੀਅਨ ਖੇਡਾਂ ਦੀ ਤਿਆਰੀ ਲਈ ਖਿਡਾਰੀਆਂ ਨੂੰ ਦਿੱਤੀ ਗਈ 4.64 ਕਰੋੜ ਦੀ ਰਾਸ਼ੀ
  • ਕਿਹਾ, ਪਿੰਡ ਪੱਧਰ ਉੱਤੇ ਬਣਨਗੀਆਂ ਖੇਡ ਨਰਸਰੀਆਂ
  • ਖੇਡ ਮੰਤਰੀ ਵਲੋਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ 

ਬਰਨਾਲਾ, 1 ਅਕਤੂਬਰ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੰਜਾਬ ਵਿੱਚ ਦੇਸ਼ ਦੀ ਬੇਹਤਰੀਨ ਖੇਡ ਨੀਤੀ ਲਿਆਂਦੀ ਗਈ ਹੈ ਤਾਂ ਜੋ ਸੂਬੇ ਨੂੰ ਖੇਡਾਂ ਦੇ ਖੇਤਰ ਵਿਚ ਇਕ ਨੰਬਰ ਬਣਾਇਆ ਜਾ ਸਕੇ। ਇਹ ਪ੍ਰਗਟਾਵਾ ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਵਲੋਂ ਇਥੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਵਿੱਚ 'ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ - 2' ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਨੂੰ ਖੇਡਾਂ ਦੇ ਖੇਤਰ ਵਿਚ ਇਕ ਨੰਬਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਏਸ਼ੀਅਨ ਖੇਡਾਂ ਦੀ ਤਿਆਰੀ ਲਈ ਖਿਡਾਰੀਆਂ ਨੂੰ 4.64 ਕਰੋੜ ਦੀ ਰਾਸ਼ੀ ਦਿੱਤੀ ਹੈ, ਇਸ ਤਰ੍ਹਾਂ 58 ਖਿਡਾਰੀਆਂ ਨੂੰ 8-8 ਲੱਖ ਰੁਪਏ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵੀ ਤਗ਼ਮਾ ਜੇਤੂਆਂ ਦਾ ਜਿੱਥੇ ਮਾਣ - ਸਨਮਾਨ ਕੀਤਾ ਜਾਵੇਗਾ, ਓਥੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਵਿੱਚ ਵੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੂਰੀ ਉਮੀਦ ਹੈ ਕਿ ਇਸ ਵਾਰ ਏਸ਼ੀਅਨ ਖੇਡਾਂ ਦੇ ਪੰਜਾਬ ਦੇ ਖਿਡਾਰੀ 1962 ਦਾ ਪੰਜ ਸੋਨ ਤਗਮਿਆਂ ਦਾ ਰਿਕਾਰਡ ਜ਼ਰੂਰ ਤੋੜਨਗੇ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਪਿੰਡਾਂ ਤੋਂ ਸ਼ਹਿਰ ਦੇ ਮੁਹਲਿਆਂ ਤੱਕ ਅਤੇ ਬੱਚਿਆਂ ਤੋਂ ਬਜ਼ੁਰਗਾਂ ਤੱਕ ਭਾਗ ਲੈ ਰਹੇ ਹਨ, ਜੋ ਕਿ ਇਕ ਸ਼ੁੱਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਤਹਿਤ ਪਿੰਡ ਪੱਧਰ ਉੱਤੇ ਖੇਡ ਨਰਸਰੀਆਂ ਬਣਨਗੀਆਂ ਤਾਂ ਜੋ ਪਿੰਡਾਂ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਸੂਬੇ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਖੇਡ ਮੰਤਰੀ ਵਲੋਂ ਹੁਣ ਤੱਕ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਵਧੀਕ ਡਿਪਟੀ ਕਮਿਸ਼ਨਰ (ਜ)  ਸਤਵੰਤ ਸਿੰਘ, ਡੀ ਐਸ ਪੀ ਸਤਵੀਰ ਸਿੰਘ, ਖੇਡ ਮੰਤਰੀ ਦੇ ਓ ਐਸ ਡੀ ਹਸਨਪ੍ਰੀਤ ਭਾਰਦਵਾਜ, ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ, ਵੱਖ ਵੱਖ ਕੋਚ ਅਤੇ ਖਿਡਾਰੀ ਹਾਜ਼ਰ ਸਨ। 

ਮੰਤਰੀ ਮੀਤ ਹੇਅਰ ਨੇ ਸ਼ਹਿਰ ਦੇ ਦੋ ਹੋਰ ਚੌਕਾਂ ਦੇ ਸੁੰਦਰੀਕਰਨ ਦੀ ਕਰਵਾਈ ਸ਼ੁਰੂਆਤ 
ਬਰਨਾਲਾ ਸ਼ਹਿਰ ਦੇ ਚੌਕਾਂ ਦਾ ਸੁੰਦਰੀਕਰਨ ਕਰ ਕੇ ਸ਼ਹਿਰ ਦੀ ਦਿੱਖ ਸੰਵਾਰੀ ਜਾਵੇਗੀ, ਜਿਸ ਉੱਤੇ 1ਕਰੋੜ 27 ਲੱਖ ਰੁਪਏ ਖਰਚੇ ਜਾ ਰਹੇ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਥੇ ਕਚਹਿਰੀ ਚੌਕ ਅਤੇ ਗੁਰੂ ਰਵਿਦਾਸ ਚੌਕ ਦੇ ਸੁੰਦਰੀਕਰਨ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਚੌਕ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਇਹ ਸ਼ਹਿਰ ਦੀ ਸਵੱਛਤਾ ਮੁਹਿੰਮ ਵਿੱਚ ਸਹਿਯੋਗ ਦੇਣ ਤਾਂ ਜੋ ਬਰਨਾਲਾ ਸ਼ਹਿਰ ਦਾ ਸੁੰਦਰੀਕਰਨ ਕੀਤਾ ਜਾ ਸਕੇ।