05 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਲਈ 10 ਤੋਂ 12 ਦਸੰਬਰ ਤੱਕ ਚਲਾਈ ਜਾਵੇਗੀ ਪਲਸ ਪੋਲੀਓ ਮੁਹਿੰਮ: ਡਿਪਟੀ ਕਮਿਸ਼ਨਰ

  • ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਤੋਂ 02 ਲੱਖ 23 ਹਜ਼ਾਰ 163 ਵਿਅਕਤੀਆਂ ਨੇ ਕਰਵਾਇਆ ਇਲਾਜ
  • ਯੂ. ਵਿਨ ਪੋਰਟਲ ਤੇ ਬਣਾਈ ਆਈ.ਡੀ. ਨਾਲ ਕਿਸੇ ਵੀ ਸਿਹਤ ਸੰਸਥਾ ਤੋਂ ਕਰਵਾਇਆ ਜਾ ਸਕਦੈ ਟੀਕਾਕਰਨ
  • ਪੀ.ਐਮ. ਟੀ.ਬੀ. ਮੁਕਤ ਅਭਿਆਨ ਤਹਿਤ 17 ਨਿਕਸ਼ੈ ਮਿੱਤਰ ਟੀ.ਬੀ. ਦੇ 74 ਮਰੀਜਾਂ ਨੂੰ ਮਹੀਨਾਵਾਰ ਰਾਸ਼ਨ ਕਰਵਾ ਰਹੇ ਮੁਹੱਈਆ
  • ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਕੀਤੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 15 ਨਵੰਬਰ : ਸਿਹਤ ਵਿਭਾਗ ਵੱਲੋਂ 0-5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਵਰਗੀ ਘਾਤਕ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ 10 ਦਸੰਬਰ ਤੋਂ 12 ਦਸੰਬਰ ਤੱਕ ਪਲਸ ਪੋਲੀਓ ਮੁਹਿੰਮ ਚਲਾਈ ਜਾਵੇਗੀ, ਜਿਸ ਅਧੀਨ ਜ਼ਿਲ੍ਹੇ ਦੇ 54038 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾ ਪਿਲਾਈਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਅਧੀਨ 368 ਬੂਥ ਲਗਾਏ ਜਾਣਗੇ ਅਤੇ ਸਿਹਤ ਵਿਭਾਗ ਦੀਆਂ 577 ਟੀਮਾਂ ਘਰ-ਘਰ ਜਾ ਕੇ ਪੋਲੀਓ ਬੂੰਦਾ ਪਿਲਾਉਂਣਗੀਆਂ। ਇਸ ਤੋਂ ਇਲਾਵਾ 30 ਮੋਬਾਇਲ ਟੀਮਾਂ ਤੇ 83 ਸੁਪਰਵਾਈਜ਼ਰ ਵੀ ਇਸ ਮੁਹਿੰਮ ਅਧੀਨ ਪੋਲੀਓ ਬੂੰਦਾ ਪਿਲਾਉਣ ਦੀ ਮੁਹਿੰਮ ਵਿੱਚ ਯੋਗਦਾਨ ਪਾਉਣਗੇ। ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਘਰਾਂ ਨੇੜੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਜ਼ਿਲ੍ਹੇ ਵਿੱਚ ਖੋਲ੍ਹੇ ਗਏ 19 ਆਮ ਆਦਮੀ ਕਲੀਨਿਕਾਂ ਤੋਂ 02 ਲੱਖ 23 ਹਜ਼ਾਰ 163 ਵਿਅਕਤੀਆਂ ਨੇ ਇਲਾਜ ਕਰਵਾਇਆ ਹੈ ਅਤੇ ਇਨ੍ਹਾਂ ਕਲੀਨਿਕਾਂ ਵਿੱਚ 36211 ਮੁਫਤ ਲੈਬ ਟੈਸਟ ਵੀ ਕੀਤੇ ਗਏ ਹਨ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਆਉਣ ਵਾਲੇ ਲੋਕਾਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ ਅਤੇ ਕਲੀਨਿਕਾਂ ਦੀ ਸਾਫ ਸਫਾਈ ਦੇ ਸੁਚੱਜੇ ਪ੍ਰਬੰਧ ਕੀਤੇ ਜਾਣ ਤਾਂ ਜੋ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਫਲਤਾ ਨਾਲ ਅੱਗੇ ਵੱਧਦੇ ਜਾਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਯੂ.ਵਿਨ ਪੋਰਟਲ ਬਣਾਇਆ ਗਿਆ ਹੈ ਜਿਸ ਦਾ ਮਕਸਦ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਟੀਕਾਕਰਨ ਦੀ ਪਹਿਲੀ ਡੋਜ ਤੋਂ ਲੈ ਕੇ ਆਖਰੀ ਡੋਜ਼ ਤੱਕ ਦਾ ਰਿਕਾਰਡ ਆਨ ਲਾਈਨ ਰੱਖਿਆ ਜਾਵੇਗਾ । ਇਸ ਪੋਰਟਲ ਤੇ ਆਈ.ਡੀ. ਬਣਾ ਕੇ ਗਰਭਵਤੀ ਔਰਤਾਂ ਅਤੇ ਬੱਚੇ ਸੂਬੇ ਦੇ ਕਿਸੇ ਵੀ ਸਰਕਾਰੀ ਸਿਹਤ ਸੰਸਥਾ ਵਿੱਚ ਆਪਣਾ ਟੀਕਾਕਰਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਪੋਰਟਲ ਤੇ ਆਈ.ਡੀ. ਬਣਾ ਕੇ ਵਿਅਕਤੀ ਦਾ ਸਮੁੱਚਾ ਰਿਕਾਰਡ ਆਨ ਲਾਈਨ ਸੁਰੱਖਿਅਤ ਰਹੇਗਾ ਅਤੇ ਡਾਕਟਰਾਂ ਨੁੰ ਇਲਾਜ ਕਰਨ ਵਿੱਚ ਵੀ ਕਾਫੀ ਰਾਹਤ ਮਿਲੇਗੀ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੁੰ ਕਿਹਾ ਕਿ ਯੂ.ਵਿਨ ਪੋਰਟਲ ਤੇ ਵੱਧ ਤੋਂ ਵੱਧ ਗਰਭਵਤੀ ਔਰਤਾਂ ਤੇ ਬੱਚਿਆਂ ਦੀ ਆਈ.ਡੀ. ਬਣਾਈ ਜਾਵੇ ਤਾਂ ਜੋ ਟੀਕਾਕਰਨ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਪਰਨੀਤ ਸ਼ੇਰਗਿੱਲ ਨੇ ਹੋਰ ਦੱਸਿਆ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਹੁਣ ਤੱਕ ਜ਼ਿਲ੍ਹੇ ਦੇ 36654 ਸਿਹਤ ਬੀਮਾ ਕਾਰਡ ਧਾਰਕਾਂ ਨੂੰ 17 ਕਰੋੜ 37 ਲੱਖ 01 ਹਜ਼ਾਰ 10 ਰੁਪਏ ਦੀ ਸਹਾਇਤਾ ਦਿੱਤੀ ਗਈ ਅਤੇ ਇਸ ਸਕੀਮ ਅਧੀਨ ਜ਼ਿਲ੍ਹੇ ਵਿੱਚ 85426 ਪਰਿਵਾਰਾਂ ਨੂੰ ਕਵਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਕੀਮ ਅਧੀਨ 206863 ਕਾਰਡ ਧਾਰਕਾਂ ਨੂੰ ਸਕੀਮ ਦਾ ਲਾਭ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਸਰਕਾਰੀ ਸਿਹਤ ਸੰਸਥਾ ਵਿੱਚ ਜਣੇਪੇ ਦੀ ਦਰ ਵਧਾਉਣ ਤੇ ਵੀ ਜੋਰ ਦਿੱਤਾ । ਮੀਟਿੰਗ ਵਿੱਚ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀ ਹਿਤੇਨ ਕਪਿਲਾ, ਸਹਾਇਕ ਸਿਵਲ ਸਰਜਨ ਡਾ ਸਵਪਨਜੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ, ਜਿਲਾ ਟੀਕਾਕਰਨ ਅਫਸਰ ਡਾ ਰਾਜੇਸ਼ ਕੁਮਾਰ, ਜਿਲਾ ਪਰਿਵਾਰ ਭਲਾਈ ਅਫਸਰ ਡਾ ਦਲਜੀਤ ਕੌਰ, ਜਿਲਾ ਸਿਹਤ ਅਫਸਰ ਡਾ ਨਵਜੋਤ ਕੌਰ , ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ, ਡੀਪੀਐਮ ਕਸੀਤਿਜ ਸੀਮਾ, ਜਿਲਾ ਐਪੀਡਿਮੋਲੋਜਿਸਟ ਡਾ ਗੁਰਪ੍ਰੀਤ ਕੌਰ, ਫੂਡ ਸੇਫਟੀ ਅਫਸਰ ਮਹਿਕ ਸੈਣੀ, ਕਨਵਰਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮੀਤ ਸਿੰਘ ਤੋਂ ਇਲਾਵਾ ਸਮੂਹ ਐਸ.ਐਮ.ਓਜ਼, ਜ਼ਿਲ੍ਹਾ ਸਿਹਤ ਸੋਸਾਇਟੀ ਦੇ ਮੈਂਬਰ ਅਤੇ ਹੋਰ ਪਤਵੰਤੇ ਹਾਜਰ ਸਨ।