ਪੀਐਸਪੀਸੀਐਲ ਨੇ ਬਿਜਲੀ ਚੋਰੀ ਅਤੇ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਨੂੰ 44.84 ਲੱਖ ਰੁਪਏ ਜੁਰਮਾਨਾ ਕੀਤਾ

ਪਟਿਆਲਾ, 22 ਜੂਨ : ਪੀ.ਐਸ.ਪੀ.ਸੀ.ਐਲ. ਦੇ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਸਰਕਲਾਂ ਦੀਆਂ ਇਨਫੋਰਸਮੈਂਟ ਟੀਮਾਂ ਨੇ ਪੁਲਿਸ ਨਾਲ ਸਾਂਝੇ  ਤੌਰ ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਜਲੀ ਚੋਰੀ  ਨੂੰ ਰੋਕਣ ਲਈ ਇੱਕ ਜ਼ੋਰਦਾਰ ਮੁਹਿੰਮ ਚਲਾਈ ਹੈ ਅਤੇ ਇਸ ਮੁਹਿੰਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਇੱਥੇ ਪੀਐਸਪੀਸੀਐਲ ਦੇ ਬੁਲਾਰੇ ਨੇ ਪ੍ਰੈਸ ਨੋਟ ਰਾਹੀਂ ਕੀਤਾ। ਬੁਲਾਰੇ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੀਆਂ ਇਨਫੋਰਸਮੈਂਟ ਟੀਮਾਂ ਵੱਲੋਂ ਲਹਿਰਾਗਾਗਾ, ਮੂਨਕ, ਰਾਮਪੁਰਾ ਫੂਲ, ਮਾਨਸਾ, ਰਾਏਕੋਟ, ਭਾਈ ਭਗਤਾ, ਨਕੋਦਰ, ਅਮਰਕੋਟ ਅਤੇ ਤਰਨਤਾਰਨ ਖੇਤਰਾਂ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ 900 ਤੋਂ ਵੱਧ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਵਿੱਚ ਸਾਂਝੀ ਛਾਪੇਮਾਰੀ ਕੀਤੀ ਗਈ। ਬੁਲਾਰੇ ਨੇ ਇਹ ਵੀ ਦੱਸਿਆ ਕਿ ਬਿਜਲੀ ਚੋਰੀ ਅਤੇ ਬਿਜਲੀ ਦੀ ਅਣਅਧਿਕਾਰਤ ਵਰਤੋਂ ਆਦਿ ਦੇ ਦੋਸ਼ਾਂ ਤਹਿਤ 117 ਬਿਜਲੀ ਖਪਤਕਾਰਾਂ ਨੂੰ 44.84 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਪੀ.ਐੱਸ.ਪੀ.ਸੀ.ਐੱਲ. ਨੇ ਆਪਣੇ ਸਾਰੇ ਵਡਮੁੱਲੇ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ  ਨੂੰ ਕਾਬੂ ਕਰਨ ਲਈ ਪੀ.ਐੱਸ.ਪੀ.ਸੀ.ਐੱਲ.ਦੇ ਵਟਸਐਪ ਨੰਬਰ 96461-75770 'ਤੇ ਬਿਜਲੀ ਚੋਰੀ ਬਾਰੇ ਸਹੀ ਜਾਣਕਾਰੀ ਦੇ ਕੇ ਬਿਜਲੀ ਚੋਰੀ ਵਿਰੁੱਧ ਮੁਹਿੰਮ ਵਿਚ ਯੋਗਦਾਨ ਪਾ ਸਕਦੇ ਹਨ।ਪੀਐਸਪੀਸੀਐਲ ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ।