ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਜਮੀਂਨ ਲਈ ਲਾਹੇਵੰਦ: ਮੁੱਖ ਖੇਤੀਬਾੜੀ ਅਫਸਰ

  • ਬਲਾਕ ਖੇੜਾ ਦੇ ਪਿੰਡ ਬਲਾੜਾ ਵਿਖੇ ਲਗਾਇਆ  ਜਾਗਰੂਕਤਾ ਕੈਪ
  • ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਕੀਤੀ ਪੂਰਜੋਰ ਅਪੀਲ  

ਫਤਹਿਗੜ੍ਹ ਸਾਹਿਬ, 16 ਅਕਤੂਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਬਲਾਕ ਖੇੜਾ ਦੇ ਪਿੰਡ ਬਲਾੜਾ ਵਿਖੇ ਸੀ.ਆਰ.ਐਮ ਸਕੀਮ ਅਧੀਨ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜ੍ਹੀ ਅਫਸਰ ਸ੍ਰੀ ਰੰਗੀਲ ਸਿੰਘ ਨੇ ਦੱਸਿਆ ਕਿ ਪਿੰਡ ਬਲਾੜਾ ਵਿਖੇ ਲਗਾਏ ਇਸ ਕੈਂਪ ਵਿੱਚ ਸ੍ਰੀ ਜਸਵਿੰਦਰ ਸਿੰਘ, ਖੇਤੀਬਾੜੀ ਅਫਸਰ, ਖੇੜਾ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਬਾਰੇ ਤਕਨੀਕੀ ਜਾਣਕਾਰੀ ਮੁਹੱਇਆ ਕਰਵਾਈ। ਉਨ੍ਹਾਂ ਦੱਸਿਆ ਕਿ ਸੀ.ਆਰ.ਐਮ ਸਕੀਮ ਅਧੀਨ ਵੱਖ—ਵੱਖ ਖੇਤੀਬਾੜੀ ਮਸ਼ੀਨਰੀ ਜਿਵੇਂ ਕਿ ਸੁਪਰ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ—ਕਮ—ਸ਼ਰੈਡਰ, ਮਲਚਰ, ਉਲਟਾਂਵਾ ਹੱਲ, ਰੇਕ, ਬੇਲਰ ਆਦਿ ਸਬਸਿਡੀ ਤੇ ਦਿੱਤੀ ਜਾਂਦੀ ਹੈ।  ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਗਤ ਕਿਸਾਨਾਂ ਕੋਲ ਪਰਾਲੀ ਪ੍ਰਬੰਧਨ ਸਬੰਧੀ ਖੇਤੀ ਮਸ਼ੀਨਰੀ ਉਪਲਬੱਧ ਹੈ, ਉਹ ਕਿਸਾਨ ਆਪਣੀ ਬਿਜਾਈ ਕਰਨ ਤੋਂ ਬਾਅਦ ਦੂਸਰੇ ਕਿਸਾਨਾਂ ਨੂੰ ਕਿਰਾਏ ਤੇ ਖੇਤੀ ਮਸ਼ੀਨਰੀ ਦੇਣ ਤਾਂ ਜੋ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਸਫਲ ਕੀਤਾ ਜਾ ਸਕੇ।ਸ੍ਰੀ ਪੁਨੀਤ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਦੱਸਿਆ ਕਿ ਨਾੜ ਨੂੰ ਨਾ ਸਾੜਨ ਨਾਲ ਜਮੀਨ ਦੀ ਉਪਜਾਓੂ ਸ਼ਕਤੀ ਵੱਧਦੀ ਹੈ ਤੇ ਜਿਸ ਨਾਲ  ਕਿਸਾਨ ਨੂੰ ਬਾਅਦ ਵਿੱਚ ਬੇਲੋੜੀਆਂ ਖਾਦਾਂ ਦੀ ਵਰਤੋ ਨਹੀਂ ਕਰਨੀ ਪੈਂਦੀ। ਜਮੀਨ ਵਿੱਚ ਮੌਜੂਦ ਮਿੱਤਰ ਕੀੜੇ ਜਿਹੜੇ ਜਮੀਨ ਦੀ ਉਪਜਾਓੂ  ਸ਼ਕਤੀ ਨੂੰ ਵਧਾਉਦੇ ਹਨ ਉਹ ਵੀ  ਨਸ਼ਟ ਹੋਣ ਤੋਂ ਬਚ ਜਾਂਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਅਤੇ ਬਿਜਾਈ ਵੇਲੇ ਬੀਜ ਸੋਧ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ ਸਿਮਰਜੀਤ ਸਿੰਘ, ਜਿਲ੍ਹਾ ਕੋਆਰਡੀਨੇਟਰ ਨੇ ਮਾਨਵ ਵਿਕਾਸ ਸੰਸਥਾਨ ਅਧੀਨ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਰੇ ਕਿਸਾਨਾਂ ਨੂੰ ਜਾਣੂ ਕਰਵਾਇਆ।ਸ੍ਰੀ ਰਾਜਵੀਰ ਸਿੰਘ, ਸਹਾਇਕ ਤਕਨੀਕੀ ਮੈਨੇਜਰ, ਖੇੜਾ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਪਰਾਲੀ/ਨਾੜ ਨੂੰ ਸਾੜਨ ਨਾਲ ਕਈ ਤਰ੍ਹਾਂ ਦੀਆਂ ਜਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਜਿਵੇਂ ਕਿ ਨਾਈਟ੍ਰਿਕ ਆਕਸਾਈਡ, ਮਿਥੇਨ, ਕਾਰਬਨ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ, ਆਦਿ। ਇਹਨਾਂ ਗੈਸਾਂ ਦੇ ਨਾਲ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ ਅਤੇ ਵਾਤਾਵਰਨ ਵਿੱਚ ਤਬਦੀਲੀ ਆ ਰਹੀ ਹੈ।ਵਾਤਾਵਰਣ ਵਿੱਚ ਆ ਰਹੀ ਤਬਦੀਲੀ ਕਾਰਨ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਧੰਦਿਆਂ ਉੱਪਰ ਮਾੜਾ ਪ੍ਰਭਾਵ ਪੈ ਰਿਹਾ ਹੈ।ਉਨ੍ਹਾਂ ਨੇ ਕਿਸਾਨਾਂ ਨੂੰ ਮਿੱਟੀ ਪਰਖ ਕਰਵਾਉਣ ਉਪਰੰਤ ਹੀ ਲੋੜ ਅਨੁਸਾਰ ਖਾਦਾਂ ਪਾਉਣ ਲਈ ਪ੍ਰੇਰਿਆ।