ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਰੋਸ ਧਰਨੇ, ਰੈਲੀਆਂ ਦੌਰਾਨ ਡਰੋਨ ਕੈਮਰਾ ਦੀ ਵਰਤੋਂ 'ਤੇ ਮਨਾਹੀ

  • ਵੱਖ-ਵੱਖ 04 ਜੇਲ੍ਹਾਂ ਦੇ ਇਰਦ-ਗਿਰਦ 500 ਮੀਟਰ ਏਰੀਆ 'ਚ ਵੀ ਡਰੋਨ ਕੈਮਰਾ ਦੀ ਵਰਤੋਂ 'ਤੇ ਮੁਕੰਮਲ ਪਾਬੰਦੀ

ਲੁਧਿਆਣਾ, 11 ਸਤੰਬਰ : ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਰੁਪਿੰਦਰ ਸਿੰਘ, ਪੀ.ਪੀ.ਐਸ. ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਮ ਜਨਤਾ ਅਤੇ ਜੇਲ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਰੋਸ ਧਰਨੇ, ਰੈਲੀਆਂ ਦੇ ਪ੍ਰੋਗਰਾਮ ਦੌਰਾਨ ਡਰੋਨ ਕੈਮਰਾ ਦੀ ਵਰਤੋਂ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਪੈਂਦੀਆਂ ਜੇਲ੍ਹਾਂ ਦੇ ਇਰਦ ਗਿਰਦ 500 ਮੀਟਰ ਏਰੀਆ ਅੰਦਰ ਡਰੋਨ ਕੈਮਰਾ ਵਰਤੋਂ ਕਰਨ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਡਿਪਟੀ ਕਮਿਸ਼ਨਰ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਵੱਖ-ਵੱਖ 04 ਜੇਲ੍ਹਾਂ ਪੈਂਦੀਆਂ ਹਨ ਜਿਨ੍ਹਾਂ ਵਿੱਚ ਵੱਖ-ਵੱਖ ਜੁਰਮਾਂ ਦੇ ਕੈਦੀ/ਹਵਾਲਾਤੀ ਬੰਦ ਹਨ। ਇਨ੍ਹਾਂ ਜੇਲ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੀ ਜ਼ਰੂਰੀ ਹੈ। ਇਸ ਤੋਂ ਇਲਾਵਾ ਆਮ ਪਬਲਿਕ ਵਲੋਂ ਆਪਣੇ ਹੱਕਾਂ ਲਈ ਰੋਸ਼ ਧਰਨੇ, ਰੈਲੀਆਂ ਅਤੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੋਰਾਨ ਡਰੋਨ ਕੈਮਰਾ ਦੀ ਮੱਦਦ ਨਾਲ ਵੀਡੀਓ ਰਿਕਾਰਡਿੰਗ ਅਤੇ ਕਵਰੇਜ ਕੀਤੀ ਜਾਦੀ ਹੈ। ਮੋਜੂਦਾ ਹਲਾਤਾ ਨੂੰ ਮੁੱਖ ਰੱਖਦੇ ਹੋਏ ਇਹ ਖਦਸਾ ਪ੍ਰਗਟ ਕੀਤਾ ਗਿਆ ਹੈ ਕਿ ਇਸ ਡਰੋਨ ਦੀ ਵਰਤੋ ਸਮਾਜ ਵਿਰੋਧੀ ਅਨਸਰਾਂ ਵੱਲੋ ਜੇਲ੍ਹਾਂ ਅੰਦਰ ਅਤੇ ਰੋਸ ਧਰਨੇ, ਰੈਲੀਆਂ ਦੇ ਇਕੱਠ ਸਮੇਂ ਕਿਸੇ ਕਿਸਮ ਦੀ ਅਣਸੁਖਾਵੀ ਘਟਨਾ ਨੂੰ ਅੰਜਾਮ ਦੇਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਲਈ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਰੋਸ਼ ਧਰਨੇ, ਰੈਲੀਆ ਦੇ ਪ੍ਰੋਗਰਾਮ ਦੋਰਾਨ ਬਿਨ੍ਹਾਂ ਮਨਜੂਰੀ ਡਰੋਨ ਕੈਮਰਾ ਦੀ ਵਰਤੋ 'ਤੇ ਪਾਬੰਦੀ ਲਗਾਈ ਜਾਂਦੀ ਹੈ। ਇਹ ਹੁਕਮ ਅੱਜ ਮਿਤੀ 11-09-2023 ਤੋਂ ਲਾਗੂ ਹੋਣਗੇ।