ਪਰਾਲੀ ਫੂਕਣ ਤੋਂ ਬਿਨ੍ਹਾਂ ਰਾਜਲਾ ਦੇ ਅਗਾਂਹਵਧੂ ਕਿਸਾਨ ਨੇ ਮਟਰ ਬੀਜੇ, ਹੋਰਨਾਂ ਕਿਸਾਨਾਂ ਨੂੰ ਵੀ ਅੱਗ ਨਾ ਲਾਉਣ ਦੀ ਕੀਤੀ ਅਪੀਲ

  • ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਬਦਨਪੁਰ 'ਚ ਲੱਗਿਆ ਪਲਾਂਟ ਪਰਾਲੀ ਸਾੜਨ ਤੋਂ ਦਿਵਾਏਗਾ ਰਾਹਤ

ਸਮਾਣਾ, 14 ਅਕਤੂਬਰ : ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਗੱਠਾਂ ਬਣਾ ਕੇ ਸੰਭਾਲਣ ਵਾਲੇ ਸਮਾਣਾ ਦੇ ਪਿੰਡ ਰਾਜਲਾ ਦੇ ਅਗਾਂਹਵਧੂ ਕਿਸਾਨ ਬਲਬੀਰ ਸਿੰਘ ਨੇ ਮਟਰ ਕੇਰਨ ਵਾਲੀ ਮਸ਼ੀਨ ਨਾਲ ਮਟਰਾਂ ਦੀ ਬਿਜਾਈ ਕੀਤੀ ਹੈ। ਇਸ ਕਿਸਾਨ ਨੇ ਕਿਹਾ ਹੈ ਕਿ ਉਸਨੇ ਪਰਾਲੀ ਤੇ ਨਾੜ ਦੀਆਂ ਗੱਠਾਂ ਬਣਾ ਕੇ ਪਰਾਲੀ ਨੂੰ ਬਿਨ੍ਹਾਂ ਅੱਗ ਲਾਏ ਸੰਭਾਲਿਆ ਹੈ, ਜਿਸ ਨਾਲ ਉਸਨੂੰ ਲਾਭ ਹੀ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਬਿਨ੍ਹਾਂ ਅੱਗ ਲਗਾਏ ਖੇਤੀ ਕਰਨ ਨਾਲ ਮਨੁੱਖੀ ਤੇ ਜੀਵ ਜੰਤੂਆਂ ਦੀ ਸਿਹਤ ਤੰਦਰੁਸਤ ਰਹਿਣ ਦੇ ਨਾਲ-ਨਾਲ ਜਮੀਨ ਦੀ ਸਿਹਤ ਵੀ ਤਕੜੀ ਹੁੰਦੀ ਹੈ। ਕਿਸਾਨ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਯਤਨਾਂ ਸਦਕਾ ਸਮਾਣਾ ਦੇ ਪਿੰਡ ਬਦਨਪੁਰ ਵਿਖੇ ਐਸ.ਪੀ.ਐਸ. ਈਕੋ ਫਰੈਂਡਲੀ ਫਿਊਲਜ਼ ਦਾ ਜੋ ਪਲਾਂਟ ਲਗਵਾਇਆ ਹੈ, ਉਹ ਆਉਣ ਵਾਲੇ ਸਮੇਂ ਵਿੱਚ ਹਲਕੇ ਦੇ ਕਿਸਾਨਾਂ ਲਈ ਬਹੁਤ ਵੱਡੀ ਰਾਹਤ ਬਣੇਗਾ। ਅਗਾਂਹਵੱਧੂ ਕਿਸਾਨ ਬਲਬੀਰ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਬਿਨ੍ਹਾਂ ਅੱਗ ਲਾਏ ਗੱਠਾਂ ਬਣਾਕੇ ਜਾਂ ਫਿਰ ਪਰਾਲੀ ਨੂੰ ਹੋਰ ਮਸ਼ੀਨਾਂ ਨਾਲ ਜਮੀਨ ਵਿੱਚ ਹੀ ਮਿਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਸਾਡਾ ਵਾਤਾਵਰਣ ਵੀ ਗੰਧਲਾ ਹੋਣ ਤੋਂ ਬਚਦਾ ਹੈ, ਉਥੇ ਹੀ ਜਮੀਨ ਵੀ ਉਪਜਾਊ ਹੁੰਦੀ ਹੈ। ਖੇਤੀਬਾੜੀ ਅਫ਼ਸਰ ਸਮਾਣਾ ਸਤੀਸ਼ ਕੁਮਾਰ ਅਤੇ ਟੀਮ ਵੱਲੋਂ ਕਿਸਾਨ ਦੇ ਖੇਤਾਂ ਦਾ ਦੌਰਾ ਕਰਕੇ ਦੇਖਿਆ ਗਿਆ ਕਿ ਕਿਸਾਨ ਨੇ ਬਿਨ੍ਹਾਂ ਅੱਗ ਲਗਾਏ ਆਪਣੇ ਖੇਤਾਂ ਵਿੱਚ ਮਟਰ ਬੀਜੇ ਹਨ।