ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵੋਟਰ ਸੂਚੀਆਂ ਤਿਆਰ ਕਰਨ ਦਾ ਪ੍ਰੋਗਰਾਮ ਜਾਰੀ

  • 21 ਅਕਤੂਬਰ ਨੂੰ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ ਜੋ 15 ਨਵੰਬਰ 2023 ਤੱਕ ਚੱਲੇਗੀ

ਫਾਜਿ਼ਲਕਾ, 12 ਅਕਤੂਬਰ : ਮੁੱਖ ਕਮਿਸ਼ਨਰ, ਗੁਰਦੁਆਰਾ ਚੋਣਾਂ, ਪੰਜਾਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਗੁਰਦੁਆਰਾ ਬੋਰਡ ਚੋਣ ਹਲਕਿਆਂ ਵਿੱਚ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ—ਕਮ—ਡਿਪਟੀ ਕਮਿਸ਼ਨਰ ਫਾਜਿ਼ਲਕਾ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰੀਕ੍ਰਰਿਆ ਤਹਿਤ ਸਭ ਤੋਂ ਪਹਿਲਾਂ 21 ਅਕਤੂਬਰ 2023 ਨੂੰ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ ਜੋ ਕਿ 15 ਨਵੰਬਰ 2023 ਤੱਕ ਚੱਲੇਗੀ। ਉਨ੍ਹਾਂ ਅੱਗੇ ਦੱਸਿਆ ਕਿ 16 ਨਵੰਬਰ 2023 ਤੋਂ 4 ਦਸੰਬਰ 2023 ਤੱਕ ਵੋਟਰ ਸੂਚੀਆਂ ਦੀ ਤਿਆਰੀ ਅਤੇ ਪ੍ਰਰਿਟਿੰਗ ਹੋਵੇਗੀ। ਇਸ ਤੋਂ ਬਾਅਦ 5 ਦਸੰਬਰ 2023 ਨੂੰ ਡਿਪਟੀ ਕਮਿਸ਼ਨਰ ਵੱਲੋਂ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਅਤੇ ਇਸੇ ਹੀ ਦਿਨ ਡਿਪਟੀ ਕਮਿਸ਼ਨਰ ਵੱਲੋਂ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ ਲੈਣ ਸਬੰਧੀ ਚੋਣ ਹਲਕੇ ਅਨੁਸਾਰ ਨਿਯੁਕਤ ਅਧਿਕਾਰੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਦੀ ਆਖਰੀ ਮਿਤੀ 26 ਦਸੰਬਰ 2023 ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 4 ਜਨਵਰੀ 2024 ਤੱਕ ਦਾਅਵੇ ਅਤੇ ਇਤਰਾਜਾਂ ਨੂੰ ਸਿੱਖ ਗੁਰਦੁਆਰਾ ਬੋਰਡ ਚੋਣਾਂ, 1959 ਦੇ ਰੂਲ ਨੰਬਰ 10(3) ਅਨੁਸਾਰ ਦੂਰ ਕੀਤਾ ਜਾਵੇਗਾ। ਇਸ ਤੋਂ ਬਾਅਦ 15 ਜਨਵਰੀ 2024 ਨੂੰ ਸਪਲੀਮੈਂਟਰੀ ਸੂਚੀਆਂ ਅਤੇ ਪ੍ਰਰਿਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 16 ਜਨਵਰੀ 2024 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਫਾਈਨਲ ਸੂਚੀ ਦੀ ਪਬਲੀਕੇਸ਼ਨ ਕੀਤੀ ਜਾਵੇਗੀ। ਡਾ: ਸੇਨੂ ਦੁੱਗਲ ਡਿਪਟੀ ਕਮਿਸ਼ਨਰ ਨੇ ਸਿੱਖ ਗੁਰਦੁਆਰਾ ਇਲੈਕਸ਼ਨਜ਼ ਰੂਲਜ਼ 1959 ਜੋ ਸਮੇਂ—ਸਮੇਂ ਸਿਰ ਸੋਧੇ ਗਏ ਹਨ, ਦੇ ਰੂਲ 7 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬੋਰਡ ਚੋਣ ਹਲਕੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਚੋਣ ਹਲਕੇ ਵਿੱਚੋਂ ਬਿਨੈਕਾਰਾਂ ਪਾਸੋਂ ਦਾਅਵੇ/ਇਤਰਾਜ਼ ਪ੍ਰਾਪਤ ਕਰਨ, ਫੈਸਲੇ ਕਰਨ, ਵੋਟਰ ਸੂਚੀ ਤਿਆਰ ਕਰਨ ਅਤੇ ਚੋਣਾਂ ਲਈ ਬਤੌਰ ਰਿਵਾਈਜਿੰਗ ਅਥਾਰਟੀਜ਼ ਅਤੇ ਇਨ੍ਹਾਂ ਨਾਲ ਬੋਰਡ ਚੋਣ ਹਲਕੇਵਾਰ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਫਾਜਿ਼ਲਕਾ ਵਿੱਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹਲਕੇ 15 ਅਬੋਹਰ ਲਈ ਉੱਪ ਮੰਡਲ ਮੈਜਿਸਟ੍ਰੇਟ ਅਬੋਹਰ ਨੂੰ ਰਿਵਾਈਜਿੰਗ ਅਥਾਰਿਟੀ ਅਫ਼ਸਰ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨਾਲ ਤਹਿਸੀਲਦਾਰ ਅਬੋਹਰ, ਨਾਇਬ ਤਹਿਸੀਲਦਾਰ ਅਬੋਹਰ ਅਤੇ ਨਿਗਰਾਨ ਇੰਜਨੀਅਰ ਐਮਸੀ ਅਬੋਹਰ ਨੂੰ ਲਗਾਇਆ ਗਿਆ ਹੈ। 16 ਫਾਜਿ਼ਲਕਾ ਹਲਕੇ ਲਈ ਉੱਪ ਮੰਡਲ ਮੈਜਿਸਟ੍ਰੇਟ ਫਾਜਿ਼ਲਕਾ ਨੂੰ ਰਿਵਾਈਜਿੰਗ ਅਥਾਰਿਟੀ ਅਫ਼ਸਰ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨਾਲ ਤਹਿਸੀਲਦਾਰ ਫਾਜਿ਼ਲਕਾ, ਨਾਇਬ ਤਹਿਸੀਲਦਾਰ ਫਾਜਿ਼ਲਕਾ ਅਤੇ ਈਓ ਐਮਸੀ ਫਾਜਿ਼ਲਕਾ ਨੂੰ ਲਗਾਇਆ ਗਿਆ ਹੈ। 17 ਜਲਾਲਾਬਾਦ  ਹਲਕੇ ਲਈ ਉੱਪ ਮੰਡਲ ਮੈਜਿਸਟ੍ਰੇਟ ਜਲਾਲਾਬਾਦ ਨੂੰ ਰਿਵਾਈਜਿੰਗ ਅਥਾਰਿਟੀ ਅਫ਼ਸਰ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨਾਲ ਤਹਿਸੀਲਦਾਰ ਜਲਾਲਾਬਾਦ, ਨਾਇਬ ਤਹਿਸੀਲਦਾਰ ਜਲਾਲਬਾਦ ਅਤੇ ਈਓ ਐਮਸੀ ਜਲਾਲਾਬਾਦ ਨੂੰ ਲਗਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਰਿਵਾਈਜਿੰਗ ਅਥਾਰਿਟੀਜ਼ ਨੂੰ ਹਦਾਇਤ ਕੀਤੀ ਹੈ ਕਿ ਵੋਟਰ ਸੂਚੀ ਤਿਆਰ ਕਰਦੇ ਸਮੇਂ ਪ੍ਰਾਪਤ ਹੋਏ ਸ਼ਡਿਊਲ ਤੇ ਹਦਾਇਤਾਂ ਦੀ ਇੰਨ—ਬਿੰਨ ਪਾਲਣਾ ਕੀਤੀ ਜਾਵੇ। ਇਸ ਸਬੰਧੀ ਸਿਰਫ ਉਨ੍ਹਾਂ ਬਿਨੈਕਾਰਾਂ ਕੋਲੋਂ ਹੀ ਫਾਰਮ ਪ੍ਰਾਪਤ ਕੀਤੇ ਜਾਣੇ ਹਨ ਰੋ ਸਿੱਖ ਗੁਰਦੁਆਰਾ ਬੋਰਡ ਰੂਲ 1959 ਦੇ ਰੂਲ 3 ਤਹਿਤ ਫਾਰਮ ਨੰਬਰ 1 ਅਨੁਸਾਰ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ। ਇਸ ਲਈ ਬਿਨੈਕਾਰ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ। ਬਿਨੈਕਾਰ ਕੋਲੋਂ ਫਾਰਮ ਨਿੱਜ਼ੀ ਤੌਰ ਤੇ ਲੈਣੇ ਹਨ ਅਤੇ ਬੰਡਲਾਂ ਦੇ ਰੂਪ ਵਿਚ ਪ੍ਰਾਪਤ ਨਹੀਂ ਕਰਨੇ ਹਨ। ਫਾਰਮ ਨੰਬਰ 1 ਜਿ਼ਲ੍ਹੇ ਦੀ ਵੈਬਸਾਇਟ https://fazilka.nic.in/ ਤੇ ਉਪਲਬੱਧ ਹੈ।