ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਦਾ ਕੰਮ ਮੁਕੰਮਲ- ਜ਼ਿਲ੍ਹਾ ਚੋਣ ਅਫ਼ਸਰ

  • ਮਿਤੀ 27 ਅਕਤੂਬਰ ਤੋਂ ਮਿਤੀ 09 ਦਸੰਬਰ ਤੱਕ ਆਮ ਜਨਤਾ ਤੋਂ ਪ੍ਰਾਪਤ ਕੀਤੇ ਜਾਣਗੇ ਦਾਅਵੇ ਅਤੇ ਇਤਰਾਜ਼

ਬਰਨਾਲਾ, 27 ਅਕਤੂਬਰ : ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵਿਖੇ ਯੋਗਤਾ ਮਿਤੀ 01 ਜਨਵਰੀ, 2024 ਦੇ ਅਧਾਰ 'ਤੇ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਮਿਤੀ 27 ਅਕਤੂਬਰ ਨੂੰ ਕੀਤੀ ਜਾ ਚੁੱਕੀ ਹੈ । ਇਸ ਉਪਰੰਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਬਰਨਾਲਾ  ਸ਼੍ਰੀਮਤੀ ਪੂਨਮਦੀਪ ਕੌਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਸ ਜ਼ਿਲ੍ਹੇ ਵਿੱਚ ਪੈਂਦੇ ਤਿੰਨੋ ਵਿਧਾਨ ਸਭਾ ਚੋਣ ਹਲਕੇ 102-ਭਦੌੜ (ਅ.ਜ.), 103-ਬਰਨਾਲਾ ਅਤੇ 104-ਮਹਿਲ ਕਲਾਂ (ਅ.ਜ.) ਵਿੱਚ ਮਿਤੀ 27 ਅਕਤੂਬਰ, 2023 ਤੋਂ 09 ਦਸੰਬਰ, 2023 ਤੱਕ ਆਮ ਜਨਤਾ ਪਾਸੋਂ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਦਾਅਵੇ/ਇਤਰਾਜ ਭਾਰਤ ਚੋਣ ਕਮਿਸ਼ਨ ਦੇ ਪੋਰਟਲ www.nvsp.in ਅਤੇ Voter Helpline App ਰਾਹੀਂ ਆਨਲਾਈਨ ਭਰੇ ਜਾ ਸਕਦੇ ਹਨ। ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿਤੀ 04 ਨਵੰਬਰ, 2023 ਦਿਨ ਸ਼ਨੀਵਾਰ ਤੇ 05 ਨਵੰਬਰ, 2023 ਦਿਨ ਐਤਵਾਰ ਅਤੇ ਮਿਤੀ 02 ਦਸੰਬਰ, 2023 ਦਿਨ ਸ਼ਨੀਵਾਰ ਤੇ 03 ਦਸੰਬਰ, 2023 ਦਿਨ ਐਤਵਾਰ ਨੂੰ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਸੁਪਰਵਾਈਜਰਾਂ/ ਬੀ.ਐਲ.ਓਜ ਰਾਹੀਂ ਸਪੈਸ਼ਲ ਕੈਂਪ ਲਗਾਏ ਜਾਣਗੇ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦਾਅਵੇ/ਇਤਰਾਜ ਪੋਲਿੰਗ ਏਰੀਏ ਦੇ ਸਬੰਧਤ ਬੀ.ਐਲ.ਓਜ਼, ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰ ਜਾਂ ਜਿਲ੍ਹਾ ਚੋਣ ਦਫਤਰ, ਬਰਨਾਲਾ ਵਿਖੇ ਦਸਤੀ ਜਾਂ ਡਾਕ ਦੁਆਰਾ ਵੀ ਦਿੱਤੇ ਜਾ ਸਕਦੇ ਹਨ। ਇਸ ਲਈ ਜੇਕਰ ਕੋਈ ਵਿਅਕਤੀ ਮਿਤੀ 01 ਜਨਵਰੀ, 2024 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਹੈ। ਅਤੇ ਉਸ ਨੇ ਆਪਣੀ ਵੋਟ ਅਜੇ ਤੱਕ ਰਜਿਸਟ੍ਰੇਸ਼ਨ ਨਹੀ ਕਰਵਾਈ ਤਾਂ ਉਹ ਮਿਤੀ 27 ਅਕਤੂਬਰ, 2023 ਤੋਂ 09 ਦਸੰਬਰ, 2023 ਤੱਕ ਫਾਰਮ ਨੰ.6 ਵਿੱਚ ਵੋਟ ਬਣਾਉਣ ਲਈ ਬਿਨੈ ਪੱਤਰ ਦੇ ਸਕਦਾ ਹੈ। ਪ੍ਰਵਾਸੀ ਭਾਰਤੀ ਆਪਣੀ ਵੋਟ ਫਾਰਮ ਨੰ. 6ਓ ਰਾਹੀਂ ਦਰਜ ਕਰਵਾ ਸਕਦੇ ਹਨ। ਵੋਟਰ ਸੂਚੀ ਵਿੱਚ ਪਹਿਲਾਂ ਦਰਜ ਵੋਟ ਕਟਵਾਉਣ ਲਈ ਫਾਰਮ ਨੰ.7, ਵੋਟ ਵਿੱਚ ਦਰੁਸਤੀ ਕਰਵਾਉਣ ਲਈ ਫਾਰਮ ਨੰ.8 ਅਤੇ ਉਸੇ ਚੋਣ ਹਲਕੇ ਦੇ ਵਿੱਚ ਹੀ ਰਿਹਾਇਸ਼ ਦੀ ਤਬਦੀਲੀ ਸਬੰਧੀ ਫਾਰਮ ਨੰ.8ਓ ਵਿੱਚ ਪੇਸ਼ ਕੀਤੇ ਜਾ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ, ਬਰਨਾਲਾ ਨੇ ਜਿਲ੍ਹੇ ਦੇ ਸਮੂਹ 18-19 ਸਾਲ ਦੇ ਨੌਜਵਾਨਾਂ ਨੂੰ ਮਜਬੂਤ ਲੋਕਤੰਤਰ ਵਿੱਚ ਭਾਗੀਦਾਰੀ ਲਈ ਆਪਣੀ ਵੋਟ ਰਜਿਸਟਰਡ ਕਰਵਾਉਣ ਦੀ ਅਪੀਲ ਕੀਤੀ ਹੈ। ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਟੋਲ ਫਰੀ ਨੰਬਰ 1950 ਤੇ ਦਫਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।