ਸਿਹਤ ਵਿਭਾਗ ਵੱਲੋਂ "ਰਾਸ਼ਟਰੀ ਪੋਸ਼ਣ ਮਹੀਨਾ" ਦੌਰਾਨ ਗਰਭਵਤੀ ਔਰਤਾਂ ਦੀ ਕੀਤੀ ਜਾ ਰਹੀ ਹੈ ਜਾਂਚ-ਸਿਵਲ ਸਰਜਨ ਡਾ. ਗੋਇਲ

  • ਸਿਹਤ ਲਈ ਸੰਤੁਲਿਤ ਤੇ ਸਿਹਤਮੰਦ ਖੁਰਾਕ ਬਾਰੇ ਦਿੱਤੀ ਜਾ ਰਹੀ ਹੈ ਜਾਣਕਾਰੀ

ਫਾਜ਼ਿਲਕਾ 8 ਸਤੰਬਰ : ਸਿਹਤ ਵਿਭਾਗ ਫਾਜ਼ਿਲਕਾ ਵਲੋ ਚੰਗੀ ਤੇ ਨਰੋਈ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ ਦੀ ਤਰ੍ਹਾਂ ਵਿਸ਼ੇਸ਼ ਜਾਗਰੂਕਤਾ ਲਈ ਮਹੀਨਾ ਸਤੰਬਰ "ਰਾਸ਼ਟਰੀ ਪੋਸ਼ਣ ਮਹੀਨਾ" ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸਤੀਸ਼ ਗੋਇਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਰਾਸ਼ਟਰੀ ਪੋਸ਼ਣ ਮਹੀਨੇ ਵਜੋਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਗਰਭਵਤੀ ਔਰਤਾਂ ਤੇ ਦੁੱਧ ਚੁੰਘਾਉਂਦੀਆਂ ਮਾਵਾਂ ਦਾ ਚੈਕਅੱਪ ਕੀਤਾ ਜਾ ਰਿਹਾ ਹੈ ਅਤੇ ਚੈਕ ਅੱਪ ਦੌਰਾਨ ਆਇਰਨ ਅਤੇ ਆਇਡਓਡੀਨ ਯੁਕਤ ਭੋਜਨ ਦਾ ਸੇਵਨ ਕਰਨ ਲਈ  ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਤੁਲਿਤ ਤੇ ਸਿਹਤਮੰਦ ਖਾਣ ਪੀਣ ਦੀਆਂ ਚੀਜਾਂ ਪ੍ਰਤੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਵੱਖ ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਪਿੰਡ ਪੱਧਰ ਤੱਕ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸੰਚਾਰ ਦੇ ਵੱਖ-ਵੱਖ ਸਾਧਨਾਂ ਰਾਹੀ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਚੰਗੀ ਸਿਹਤ ਲਈ ਸੰਤੁਲਿਤ ਤੇ ਸਿਹਤਮੰਦ ਖੁਰਾਕ ਦੀ ਲੋੜ ਹੁੰਦੀ ਹੈ। ਵਿਸ਼ੇਸ਼ ਤੌਰ `ਤੇ ਗਰਭਵਤੀ ਮਾਵਾਂ ਨੂੰ ਹਰੀਆ ਸਬਜੀਆਂ ਦੁੱਧ, ਫਲ ਉਬਲੀਆਂ ਦਾਲਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਇਓਡੀਨ ਯੁਕਤ ਭੋਜਨ ਖਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰੇਕ ਬੁੱਧਵਾਰ ਨੂੰ ਮਮਤਾ ਦਿਵਸ ਮੌਕੇ ਵਿਸ਼ੇਸ਼ ਤੌਰ `ਤੇ ਗਰਭਵਤੀ ਔਰਤਾਂ ਤੇ ਦੁੱਧ ਚੁੰਘਾਉਣ ਵਾਲੀਆ ਮਾਵਾਂ ਨੂੰ ਪੌਸ਼ਟਿਕ ਖੁਰਾਕ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਕਿਓਂਕਿ ਮਾਂ ਅਤੇ ਬੱਚੇ ਲਈ "ਮਾਂ ਦਾ ਦੁੱਧ" ਪਿਲਾਉਣ ਦਾ ਬਹੁਤ ਮਹੱਤਵ ਹੈ। ਉਨ੍ਹਾਂ ਕਿਹਾ ਕਿ  ਲੇਬਰ ਰੂਮ ਵਿਖੇ ਤੈਨਾਤ ਸਟਾਫ ਨਰਸ ਨੂੰ ਪਹਿਲਾ ਹੀ ਹਦਾਇਤ ਕੀਤੀ ਹੋਈ ਹੈ ਜਨਮ ਦੇ ਤੁਰੰਤ ਬਾਅਦ ਬੱਚੇ ਨੂੰ ਮਾਂ ਦਾ ਦੁੱਧ ਸ਼ੁਰੂ ਕੀਤਾ ਜਾਵੇ। ਮਾਂ ਦਾ ਪਹਿਲਾ ਪੀਲੇ ਰੰਗ ਦਾ ਦੁੱਧ ਛੋਟੇ ਅਤੇ ਨਵ ਜਨਮੇ ਬੱਚਿਆਂ ਦੀ ਸਿਹਤ ਲਈ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੋਸ਼ਣ ਚੰਗੀ ਸਿਹਤ ਅਤੇ ਤੰਦਰੁਸਤੀ ਦਾ ਕੇਂਦਰ ਬਿੰਦੂ ਹੈ। ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਕੇ ਇਸ ਨੂੰ ਮਜਬੂਤ ਬਣਾਉਂਦਾ ਹੈ।  ਉਨ੍ਹਾਂ ਨੇ ਦੱਸਿਆ ਕਿ "ਰਾਸ਼ਟਰੀ ਪੋਸ਼ਣ ਮਹੀਨਾ" ਦਾ ਮੁੱਖ ਮੰਤਵ ਸਿਹਤ ਲਈ ਪੋਸ਼ਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ । ਤਲੇ ਹੋਏ ਭੋਜਨ ਪਦਾਰਥਾਂ ਅਤੇ ਫਾਸਟ ਫੂਡ ਤੋਂ ਪਰਹੇਜ ਕਰੋ,ਨਮਕ ਅਤੇ ਚੀਨੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਅੰਸਤੁਲਿਤ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ,ਸ਼ੂਗਰ ਅਤੇ ਮੋਟਾਪਾ ਹੋਣ ਦਾ ਖਤਰਾ ਰਹਿੰਦਾ ਹੈ।ਇਸ ਲਈ ਹਮੇਸ਼ਾ "ਸੰਤੁਲਿਤ ਖੁਰਾਕ" ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।