ਸਰਫੇਸ ਸੀਡਰ ਨਾਲ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਦਾ ਕੀਤਾ ਜਾ ਸਕਦੈ ਖਾਤਮਾ : ਵਿਧਾਇਕ ਰਾਏ

  • ਸਰਫੇਸ ਸੀਡਰ ਨਾਲ ਕਿਸਾਨਾਂ ਨੂੰ ਹੁੰਦੈ ਆਰਥਿਕ ਲਾਭ: ਅਗਾਂਹਵਧੂ ਕਿਸਾਨ ਗੁਰਭੇਜ ਸਿੰਘ
  • ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਪਿੰਡ ਮੂਲੇਪੁਰ ਦੇ ਅਗਾਂਹਵਧੂ ਕਿਸਾਨ ਗੁਰਭੇਜ ਸਿੰਘ ਦੇ ਖੇਤ ਵਿੱਚ ਸਰਫੇਸ ਸੀਡਰ ਨਾਲ ਕੀਤੀ ਬਿਜਾਈ ਦਾ ਲਿਆ ਜਾਇਜ਼ਾ

ਫ਼ਤਹਿਗੜ੍ਹ ਸਾਹਿਬ, 26 ਅਕਤੂਬਰ : ਸਰਫੇਸ ਸੀਡਰ ਇੱਕ ਅਜਿਹੀ ਮਸ਼ੀਨ ਹੈ ਜਿਸ ਦੀ ਵਰਤੋਂ ਨਾਲ ਜਿਥੇ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਦਾ ਖਾਤਮਾ ਕੀਤਾ ਜਾ ਸਕਦਾ ਹੈ ਉਥੇ ਹੀ ਇਸ ਨਾਲ ਕਿਸਾਨ ਨੂੰ ਵੀ ਕਈ ਤਰ੍ਹਾਂ ਦੇ ਆਰਥਿਕ ਲਾਭ ਹੁੰਦੇ ਹਨ। ਇਹ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪਿੰਡ ਮੂਲੇਪੁਰ ਦੇ ਅਗਾਂਹਵਧੂ ਕਿਸਾਨ ਗੁਰਭੇਜ ਸਿੰਘ ਦੇ ਖੇਤ ਵਿੱਚ ਸਰਫੇਸ ਸੀਡਰ ਨਾਲ ਕੀਤੀ ਬਿਜਾਈ ਦਾ ਜਾਇਜ਼ਾ ਲੈਣ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ  ਸਰਫੇਸ ਸੀਡਰ ਨਾਲ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ, ਇਸ ਲਈ ਕਿਸਾਨਾਂ ਨੂੰ ਪਰਾਲੀ ਦੇ ਕੁਸ਼ਲ ਪ੍ਰਬੰਧਨ ਲਈ ਸਰਫੇਸ ਸੀਡਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੰਬਾਇਨ ਨਾਲ ਕੱਟੇ ਝੋਨੇ ਵਾਲੇ ਖੇਤ ਵਿੱਚ ਇੱਕੋ ਸਮੇਂ ਖਾਦ ਤੇ ਬੀਜ ਪਾਉਣ ਤੋਂ ਬਾਅਦ ਪਰਾਲੀ ਨੂੰ ਕੱਟ ਕੇ ਮਲਚ ਦੇ ਰੂਪ ਵਿੱਚ ਕਣਕ ਦੇ ਬੀਜ ਨੂੰ ਢੱਕ ਦਿੰਦੀ ਹੈ ਅਤੇ 45 ਹਾਰਸ ਪਾਵਰ ਟਰੈਕਟਰ ਨਾਲ ਵੀ ਸਰਫੇਸ ਸੀਡਰ ਮਸ਼ੀਨ ਚੱਲ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਫੇਸ ਸੀਡਰ ਮਸ਼ੀਨ ਸਬਸਿਡੀ ਤੇ ਦਿੱਤੀ ਜਾ ਰਹੀ ਹੈ, ਜਿਸ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਵਿਧਾਇਕ ਰਾਏ ਨੇ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਅਤੇ ਵਾਤਾਵਰਣ ਦੀ ਰਾਖੀ ਲਈ ਫਸਲਾਂ ਦੀ ਰਹਿੰਦ ਖੂੰਹਦ ਦੇ ਕੁਸ਼ਲ ਪ੍ਰਬੰਧਨ ਦਾ ਸੱਦਾ ਦਿੰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਪ੍ਰਦੂਸ਼ਣ ਹੁੰਦਾ ਹੈ ਜੋ ਕਿ ਮਨੁੱਖੀ ਸਿਹਤ ਲਈ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਉਨ੍ਹਾਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਸਿਫਾਰਸ਼ ਕੀਤੀਆਂ ਤਕਨਾਲੌਜੀਆਂ ਅਪਣਾਉਣ ਲਈ ਵੀ ਕਿਹਾ। ਉਨ੍ਹਾਂ ਅਗਾਂਹਵਧੂ ਕਿਸਾਨ ਗੁਰਭੇਜ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਤੇ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਦਾ ਖਾਤਮਾ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾ ਯੋਗ ਹੈ ਅਤੇ ਹੋਰਨਾ ਕਿਸਾਨਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਅਗਾਂਹਵਧੂ ਕਿਸਾਨ ਗੁਰਭੇਜ ਸਿੰਘ ਨੇ ਇਸ ਮੌਕੇ ਕਿਹਾ ਕਿ ਸਰਫੇਸ ਸੀਡਰ ਮਸ਼ੀਨ ਪਿਛਲੇ ਕੁਝ ਸਾਲਾਂ ਤੋਂ ਹੀ ਆਈ ਹੈ ਅਤੇ ਉਹ ਪਿਛਲੇ ਦੋ ਸਾਲਾਂ ਤੋਂ ਇਸ ਤਕਨੀਕ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਫੇਸ ਸੀਡਰ ਨਾਲ ਜਿਥੇ ਖੇਤਾਂ ਵਿੱਚ ਖਾਦਾਂ ਤੇ ਬੀਜਾਂ ਦਾ ਘੱਟ ਇਸਤੇਮਾਲ ਕਰਨਾ ਪੈਂਦਾ ਹੈ ਉਥੇ ਹੀ ਇਸ ਦੇ ਆਰਥਿਕ ਲਾਭ ਵੀ ਕਿਸਾਨ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜਿਥੇ 50 ਕਿਲੋ ਬੀਜ ਦਾ ਇਸਤੇਮਾਲ ਕਰਨਾ ਪੈਂਦਾ ਸੀ ਉਥੇ ਹੁਣ 35-40 ਕਿਲੋ ਬੀਜ ਦੀ ਲੋੜ ਹੀ ਪੈਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਫੇਸ ਸੀਡਰ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ। ਇਸ ਮੌਕੇ ਮਾਨਵ ਟਿਵਾਣਾ, ਸਤੀਸ਼ ਲਟੌਰ, ਜਗਜੀਤ ਸਿੰਘ ਰਿਊਣਾ, ਗੱਜਣ ਜਲਵੇੜਾ ਤੋਂ ਇਲਾਵਾ ਪਿੰਡ ਦੇ ਕਿਸਾਨ ਵੀ ਮੌਜੂਦ ਸਨ।