ਖੇਤ ‘ਚ ਬਜ਼ੁਰਗ ਦੀ ਹੱਤਿਆ ਕਰਕੇ ਟਰੈਕਟਰ-ਟਰਾਲੀ ਚੋਰੀ ਕਰਨ ਵਾਲੇ 4 ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ 

ਅਬੋਹਰ, 24 ਜੂਨ : ਅਬੋਹਰ ਸ਼ਹਿਰ ਦੇ ਪਿੰਡ ਸੀਡ ਫਾਰਮ ਵਿੱਚ ਬਾਬਾ ਜੀਵਨ ਸਿੰਘ ਵਿੱਚ ਬੀਤੇ ਬੁਧਵਾਰ ਹੋਏ ਬਜ਼ੁਰਗ ਦੀ ਹੱਤਿਆ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਟਰੈਕਟਰ-ਟਰਾਲੀ ਵੀ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ ਚਾਰਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ। ਦੱਸ ਦੇਈਏ ਕਿ ਬੀਤੇ ਬੁੱਧਵਾਰ ਰਾਤ ਚਾਰਾਂ ਨੇ ਖੇਤ ਦੇ ਕਮਰੇ ਵਿੱਚ ਸੁੱਤੇ ਪਏ 80 ਸਾਲਾ ਕਰਤਾਰ ਸਿੰਘ ਦਾ ਕਤਲ ਕਰ ਦਿੱਤਾ ਸੀ ਅਤੇ ਉੱਥੋਂ ਇੱਕ ਟਰੈਕਟਰ-ਟਰਾਲੀ ਲੁੱਟ ਕੇ ਫਰਾਰ ਹੋ ਗਏ ਸਨ। ਬਜ਼ੁਰਗ ਦੀ ਲਾਸ਼ ਮੰਜੇ ਨਾਲ ਬੰਨ੍ਹੀ ਹੋਈ ਮਿਲੀ ਸੀ। ਮ੍ਰਿਤਕ ਦੇ ਗਲੇ ‘ਤੇ ਰੱਸੀ ਦੇ ਨਿਸ਼ਾਨ ਮਿਲੇ ਸਨ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਘਟਨਾ ਦੇ ਸਮੇਂ ਸੀਸੀਟੀਵੀ ਫੁਟੇਜ ਅਤੇ ਐਕਟਿਵ ਮੋਬਾਈਲਾਂ ਦੀ ਲੋਕੇਸ਼ਨ ਨੇ ਪੁਲਿਸ ਨੂੰ ਕਤਲ ਕੇਸ ਦਾ ਖੁਲਾਸਾ ਕਰਨ ਵਿੱਚ ਮਦਦ ਕੀਤੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਵਾਸੀ ਸੀਡ ਫਾਰਮ, ਗੁਰਜੰਟ ਸਿੰਘ, ਆਕਾਸ਼ ਅਤੇ ਹਰਮਨਦੀਪ ਵਾਸੀ ਫ਼ਿਰੋਜ਼ਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਦੋਸ਼ੀਆਂ ‘ਚ ਮ੍ਰਿਤਕ ਦਾ ਗੁਆਂਢੀ ਵੀ ਸ਼ਾਮਲ ਹੈ। ਇਹ ਜਾਣਕਾਰੀ ਸ਼ਸ਼ਫ ਅਵਨੀਤ ਕੌਰ ਸਿੱਧੂ ਨੇ ਦਿੱਤੀ।