ਪੁਲਿਸ ਨੇ ਲੁੱਟ ਦੀ ਘਟਨਾਂ ਦੇ 3 ਦੋਸ਼ੀਆਂ ਨੂੰ ਕੀਤਾ ਕਾਬੂ, 7.50 ਲੱਖ ਦੀ ਨਗਦੀ, ਹਥਿਆਰ ਬਰਾਮਦ

ਬਠਿੰਡਾ, 10 ਜਨਵਰੀ : ਬਠਿੰਡਾ ਦੀ ਠੰਡੀ ਸੜਕ ਤੇ ਹੋਈ ਲੁੱਟ ਦੀ ਘਟਨਾਂ ਦੇ 3 ਦੋਸ਼ੀਆਂ ਨੂੰ ਸਥਾਨਕ ਪੁਲਿਸ ਵੱਲੋਂ ਕਾਬੂ ਕਰਕੇ ਲੁੱਟ ਦੀ ਰਕਮ 7.50 ਲੱਖ ਦੀ ਨਗਦੀ, ਵਾਰਦਾਤ ਮੌਕੇ ਵਰਤਿਆ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਇੱਕ ਫਾਇਨਾਂਸ ਕੰਪਨੀ ਦੇ ਕਰਮਚਾਰੀ ਤੋਂ ਪਿਸਤੌਲ ਦੀ ਨੋਕ ਤੇ ਇਸ ਲੁੱਟ ਦੀ ਘਟਨਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ। ਇਸ ਘਟਨਾਂ ਸਬੰਧੀ ਥਾਣਾ ਕੈਨਾਲ ਵਿੱਚ ਕੇਸ ਦਰਜ ਕਰਲਿਆ ਗਿਆ ਹੈ। ਇਸ ਸਬੰਧੀ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਰਾਹੁਲ ਨਰੂਕਾ ਸੁਰਖਪੀਰ ਰੋਡ ਬਠਿੰਡਾ ਨੇ ਆਪਣੇ ਬਿਆਨ ਦਰਜ ਕਰਵਾਇਆ ਹੈ। ਉਹ ਸਪਾਈਸ ਮਨੀ ਮਾਈਕਰੋ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਕੰਪਨੀ ਦੇ ਪੈਸੇ ਇਕੱਠੇ ਕਰਨ ਤੋਂ ਬਾਅਦ ਉਹ ਕੈਸ਼ ਇੰਡੀਅਨ ਬੈਂਕ ਦੇ ATM ਵਿੱਚ ਜਮ੍ਹਾ ਕਰਵਾ ਦਿੰਦਾ ਸੀ। 8 ਜਨਵਰੀ ਨੂੰ ਉਹ 7 ਲੱਖ 90 ਹਜ਼ਾਰ ਰੁਪਏ ਦੀ ਨਕਦੀ ਜਮ੍ਹਾ ਕਰਵਾਉਣ ਲਈ ਮੁਲਤਾਨੀਆ ਪੁਲ ਤੋਂ ਟੌਹਲੀ ਰੋਡ ਰਾਹੀਂ ਬਠਿੰਡਾ ਵੱਲ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਦੀ ਨੋਕ ‘ਤੇ ਉਸ ਦਾ ਬੈਗ ਖੋਹ ਲਿਆ। ਇਸ ਮਾਮਲੇ ਦੀ ਜਾਂਚ ਲਈ ਅਜੈ ਗਾਂਧੀ IPS ਕਪਤਾਨ ਪੁਲਿਸ (ਡੀ) ਬਠਿੰਡਾ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। CIA -1 ਬਠਿੰਡਾ ਦੀਆਂ ਹਦਾਇਤਾਂ ਅਨੁਸਾਰ CIA -1 ਬਠਿੰਡਾ ਦੀ ਪੁਲਿਸ ਪਾਰਟੀ ਨੇ ਕਥਿਤ ਦੋਸ਼ੀ ਸਤਨਾਮ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਦਾਸ ਸਿੰਘ ਨੂੰ ਫੋਕਲ ਪੁਆਇੰਟ ਨੇੜੇ ਲਿੰਕ ਰੋਡ, ਬਠਿੰਡਾ ਡੱਬਵਾਲੀ ਮੁੱਖ ਸੜਕ ਤੋਂ ਕਾਬੂ ਕੀਤਾ। ਇਨ੍ਹਾਂ ਕੋਲੋਂ 7 ਲੱਖ 50 ਹਜ਼ਾਰ ਰੁਪਏ ਅਤੇ ਪਿਸਤੌਲ, 315 ਜਿੰਦਾ ਕਾਰਤੂਸ ਅਤੇ ਦੇਸੀ ਬਣਿਆ ਬੋਰ ਬਰਾਮਦ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਰਜ਼ਾ ਲਿਆ ਸੀ। ਕਰਜ਼ੇ ਦੀ ਰਕਮ ਮੋੜਨ ਲਈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।