ਕਾਰੀਗਰਾਂ ਲਈ ਸ਼ੁਰੂ ਕੀਤੀ ਜਾ ਰਹੀ ਹੈ ਪੀ.ਐਮ. ਵਿਸ਼ਵਕਰਮਾ ਸਕੀਮ 

ਬਰਨਾਲਾ, 16 ਸਤੰਬਰ : ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਦੇ ਆਦੇਸ਼ 'ਤੇ ਪੀ.ਐਮ. ਵਿਸ਼ਵਕਰਮਾ ਸਕੀਮ ਸਬੰਧੀ ਮੀਟਿੰਗ ਦਾ ਆਯੋਜਨ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਬਰਨਾਲਾ ਦੇ ਦਫ਼ਤਰ ਵਿਖੇ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਸ੍ਰੀ ਪ੍ਰੀਤ ਮੁਹਿੰਦਰ ਸਿੰਘ ਬਰਾੜ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਬਰਨਾਲਾ ਵਲੋਂ ਕੀਤੀ ਗਈ। ਇਸ ਮੀਟਿੰਗ ਵਿੱਚ ਉਨ੍ਹਾਂ ਵਲੋਂ ਭਾਰਤ ਸਰਕਾਰ ਦੀ ਪੀ.ਐਮ. ਵਿਸ਼ਵਕਰਮਾ ਸਕੀਮ ਜੋ ਕਿ ਪ੍ਰਧਾਨ ਮੰਤਰੀ ਵਲੋਂ 17 ਸਤੰਬਰ 2023 ਨੂੰ ਸ਼ੁਰੂ ਕੀਤੀ ਜਾ ਰਹੀ ਹੈ ਸਬੰਧੀ ਜਾਣਕਾਰੀ ਦਿੱਤੀ ਗਈ। ਇਹ ਸਕੀਮ ਹੱਥੀ ਕੰਮ ਕਰਨ ਵਾਲੇ ਕਾਰੀਗਰਾਂ ਲਈ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਮੰਤਵ ਕਾਰੀਗਰਾਂ ਦੀ ਕਾਰਜ ਕੁਸ਼ਲਤਾ ਨੂੰ ਵਧਾਉਣ ਲਈ ਟਰੇਨਿੰਗ ਪ੍ਰਧਾਨ ਕਰਨਾ, ਸੰਦ ਉਪਲਬਧ ਕਰਵਾਉਣਾ, ਘੱਟ ਵਿਆਜ 'ਤੇ ਕਰਜ਼ ਦਿਵਾਉਣਾ ਹੈ। ਇਸ ਸਕੀਮ ਅਧੀਨ ਲਾਭਪਾਤਰੀਆਂ ਦੇ ਸੇਵਾ ਕੇਂਦਰ ਰਾਹੀਂ ਕਾਰਡ ਬਣਾਏ ਜਾਣਗੇ ਜਿਸ ਲਈ ਘੱਟ ਤੋਂ ਘੱਟ ਉਮਰ 18 ਸਾਲ ਚਾਹੀਦੀ ਹੈ। ਕਾਰੀਗਰ ਇਹ ਕੰਮ ਜੱਦੀ ਪੁਸ਼ਤੀ ਕਰ ਰਿਹਾ ਹੋਵੇ। ਕਰਜਾ ਲੈਣ ਲਈ ਸ਼ਰਤ ਹੈ ਕਿ ਉਸਨੇ ਕਿਸੇ ਸਰਕਾਰੀ ਏਜੰਸੀ ਤੋਂ ਪੰਜ ਸਾਲ ਪਹਿਲਾਂ ਕਰਜਾ ਨਾ ਲਿਆ ਹੋਵੇ। ਹਰ ਘਰ ਵਿੱਚ ਕੇਵਲ ਇੱਕ ਕਾਰਡ ਹੀ ਬਣ ਸਕਦਾ ਹੈ। ਸੰਦ ਖਰੀਦਣ ਲਈ 15000/- ਰੁਪਏ ਦੀ ਰਾਸ਼ੀ ਦਾ ਲਾਭ ਮਿਲੇਗਾ। ਪਹਿਲੀ ਸਟੇਜ ਤੋਂ 1,00,000/- ਰੁਪਏ ਦਾ ਕਰਜਾ ਸਿਰਫ 5% ਵਿਆਜ ਦੀ ਦਰ ਤੇ ਲਿਆ ਜਾ ਸਕਦਾ ਹੈ, ਜੋ 18 ਮਹੀਨੇ ਦੇ ਵਿੱਚ ਵਾਪਿਸ ਕਰਨਾ ਹੋਵੇਗਾ। ਦੂਸਰੀ ਸਟੇਜ ਤੇ 2,00,000/- ਰੁਪਏ ਦਾ ਕਰਜਾ ਜਿਸਦੀ ਵਾਪਸੀ 30 ਮਹੀਨੇ ਵਿੱਚ ਹੈ, ਲਿਆ ਜਾ ਸਕਦਾ ਹੈ। ਇਸ ਮੀਟਿੰਗ ਵਿੱਚ ਡਾਇਰੈਕਟਰ ਆਰਸੇਟੀ ਵਿਸ਼ਵਜੀਤ ਮੁਖਰਜੀ, ਕੰਵਲਦੀਪ ਵਰਮਾ ਪੀ.ਐਮ.ਡੀ.ਐਮ.ਨੌਹਾ ਮਹਾਤਮਾ ਗਾਂਧੀ ਨੈਸ਼ਨਲ ਫੈਲੋ, ਮਨਪ੍ਰੀਤ ਸਿੰਘ ਲੇਬਰ ਡਿਪਾਰਟਮੈਂਟ, ਸੰਜੀਵ ਤਾਇਲ ਐਨ.ਆਰ.ਐਲ.ਐਮ. ਤੋਂ ਸ਼ਾਮਿਲ ਹੋਏ। ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਨੇ ਦੱਸਿਆ ਕਿ ਇਸ ਸਕੀਮ ਦੀ ਸ਼ੁਰੂਆਤ ਸਬੰਧੀ 17 ਸਤੰਬਰ 2023 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਪ੍ਰੋਗਰਾਮ ਰੱਖਿਆ ਗਿਆ ਹੈ, ਜਿਸ ਵਿੱਚ ਜ਼ਿਲ੍ਹੇ ਦੇ ਕਾਰੀਗਰ ਵੀ ਹਿੱਸਾ ਲੈ ਰਹੇ ਹਨ।