ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਤਹਿਤ ਖ੍ਰੀਦੀ ਖੇਤੀ ਮਸ਼ੀਨਰੀ ਦੀ ਭੌਤਿਕ ਪੜਤਾਲ 1 ਨਵੰਬਰ ਨੂੰ ਹੋਵੇਗੀ-ਡਿਪਟੀ ਕਮਿਸ਼ਨਰ

  • ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨਾਲ ਵੈਰੀਫਿਕੇਸ਼ਨ ਵਾਲੇ ਸਥਾਨਾਂ ਦੀ ਜਾਣਕਾਰੀ ਕੀਤੀ ਸਾਂਝੀ

ਮੋਗਾ, 31 ਅਕਤੂਬਰ : ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਹੱਲ ਲਈ ਕਿਸਾਨਾਂ ਨੂੰ ਵੱਡੀ ਪੱਧਰ ਤੇ ਖੇਤੀ ਮਸ਼ੀਨਰੀ ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਹੀ ਵਾਹੁਣ ਨੂੰ ਤਰਜੀਹ ਦੇਣ। ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਸਾਲ 2023-24 ਅਧੀਨ ਵੱਧ ਤੋ ਵੱਧ ਮਸ਼ੀਨਰੀ ਦੀ ਖਰੀਦ ਕਰਕੇ ਪਰਾਲੀ ਦਾ ਨਿਪਟਾਰਾ ਖੇਤਾਂ ਵਿਚ ਹੀ ਕੀਤਾ ਜਾਵੇ। ਜਿਹਨਾਂ ਕਿਸਾਨਾਂ, ਸਹਿਕਾਰੀ ਸਭਾਵਾਂ ਅਤੇ ਗ੍ਰਾਮ ਪੰਚਾਇਤਾਂ ਨੇ ਖੇਤੀ ਮਸ਼ੀਨਰੀ ਦੀ ਖਰੀਦ ਕਰ ਲਈ ਹੈ, ਉਹਨਾਂ ਦੀ ਇਲੈਕਟ੍ਰਾਨਿਕ ਫਿਜ਼ੀਕਲ ਵੈਰੀਫਿਕੇਸ਼ਨ ਮਿਤੀ 1 ਨਵੰਬਰ, 2023 ਦਿਨ ਬੁੱਧਵਾਰ ਨੂੰ ਇੱਕ ਦਿਨ ਵਿਚ ਹੀ ਕੀਤੀ ਜਾਵੇਗੀ। ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਬਲਾਕ ਮੋਗਾ-1 ਅਤੇ ਮੋਗਾ-2 ਦੇ ਕਿਸਾਨ ਆਪਣੀ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਭੌਂ ਪਰਖ ਲੈਬਾਰਟਰੀ ਫਿਰੋਜ਼ਪੁਰ ਰੋਡ ਦੁੱਨੇਕੇ ਵਿਖੇ, ਬਲਾਕ ਬਾਘਾਪੁਰਾਣਾ ਦੇ ਕਿਸਾਨ ਦਫ਼ਤਰ ਬਲਾਕ ਖੇਤੀਬਾੜੀ ਅਫ਼ਸਰ ਬਾਘਾਪੁਰਾਣਾ ਵਿਖੇ, ਬਲਾਕ ਕੋਟ ਈਸੇ ਖਾਂ ਦੇ ਕਿਸਾਨ ਸ਼ੁਭ ਮਿਲਨ ਪੈਲੇਸ ਧਰਮਕੋਟ ਰੋਡ ਕੋਟ ਈਸੇ ਖਾਂ ਵਿਖੇ ਅਤੇ ਬਲਾਕ ਨਿਹਾਲ ਸਿੰਘ ਵਾਲਾ ਦੇ ਕਿਸਾਨ ਪੁਰਾਣੀਆਂ ਕਚਿਹਰੀਆਂ ਦਫ਼ਤਰ ਬਲਾਕ ਖੇਤੀਬਾੜੀ ਅਫ਼ਸਰ ਨਿਹਾਲ ਸਿੰਘ ਵਾਲਾ ਵਿਖੇ ਕਰਵਾ ਸਕਦੇ ਹਨ। ਕਿਸਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾ ਸਕਦੇ ਹਨ। ਕਿਸਾਨ ਵਧੇਰੇ ਜਾਣਕਾਰੀ ਲਈ ਆਪਣੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।