ਲੋਕ ਅਫਵਾਹਾਂ ਤੇ ਯਕੀਨ ਨਾ ਕਰਨ, ਕੰਟਰੋਲ ਰੂਮ ਤੋਂ ਮਿਲੇਗੀ ਸਹੀ ਜਾਣਕਾਰੀ : ਐਸ.ਡੀ.ਐਮ

  • ਦਰਿਆਵਾਂ ਨਹਿਰਾਂ ਦੇ ਕੰਢੇ ਵਸੇ ਲੋਕਾਂ ਨਾਲ ਨਿਰੰਤਰ ਰਾਬਤਾ ਰੱਖਿਆ ਜਾਵੇ

ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ : ਮਨੀਸ਼ਾ ਰਾਣਾ ਆਈ.ਏ.ਐੱਸ. ਉਪ-ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ/ ਨੰਗਲ ਨੇ ਦੱਸਿਆ ਹੈ ਕਿ ਮਾਨਸੂਨ ਸੀਜਨ ਦੌਰਾਨ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਹਾੜਾਂ ਵਿੱਚ ਹੋਣ ਵਾਲੀ ਭਾਰੀ ਬਰਸਾਤ ਦੌਰਾਨ ਸੰਭਾਵੀ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦਾ ਅਧਿਕਾਰੀ, ਕਰਮਚਾਰੀ ਨਿਰੰਤਰ ਦੌਰਾ ਕਰ ਰਹੇ ਹਨ ਅਤੇ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਅਜਿਹੇ ਵਿੱਚ ਆਮ ਤੌਰ ਤੇ ਭੋਲ-ਭਾਲੇ ਲੋਕ ਅਫਵਾਹਾ ਕਾਰਨ ਪ੍ਰਭਾਵਿਤ ਹੋ ਜਾਂਦੇ ਹਨ, ਜਦੋਂ ਕਿ ਅਜਿਹੀ ਕੋਈ ਸਥਿਤੀ ਨਹੀਂ ਹੈ। ਇਸ ਲਈ ਆਮ ਲੋਕ ਕੋਈ ਵੀ ਜਾਣਕਾਰੀ ਪ੍ਰਸ਼ਾਸ਼ਨ ਦੇ 24 × 7 ਕਾਰਜਸ਼ੀਲ ਕੰਟਰੋਲ ਰੂਮ ਨੰਬਰਾਂ ਤੋਂ ਲੈ ਸਕਦੇ ਹਨ। ਐਸ.ਡੀ.ਐਮ. ਨੇ ਦੱਸਿਆ ਕਿ ਦਰਿਆਵਾਂ ਨਹਿਰਾਂ ਦੇ ਕੰਢੇ ਵਸੇ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾਂਦਾ ਹੈ। ਪੁਲਿਸ ਵਿਭਾਗ, ਤਹਿਸੀਲਦਾਰ, ਬੀ.ਡੀ.ਪੀ.ਓ., ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਨਿਰੰਤਰ ਸਥਿਤੀ ਤੇ ਨਜ਼ਰ ਰੱਖਦੇ ਹਨ। ਉਹਨਾਂ ਨੇ ਕਿਹਾ ਕਿ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਸਾਡੀ ਜਿੰਮੇਵਾਰੀ ਹੈ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਚੌਕਸ ਹੈ। ਸਾਰੀਆਂ ਤਿਆਰੀਆਂ ਮੁਕੰਮਲ ਹਨ। ਉਹਨਾ ਨੇ ਕਿਹਾ ਕਿ ਮੌਜੂਦਾ ਸਮੇਂ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਅਜਿਹੇ ਹਾਲਾਤ ਨਜ਼ਰ ਨਹੀਂ ਆ ਰਹੇ ਜੋ ਕਿਸੇ ਖਤਰੇ ਦਾ ਸੰਕੇਤ ਹੋਣ। ਉਹਨਾਂ ਨੇ ਕਿਹਾ ਕਿ ਆਮ ਤੌਰ ਤੇ ਕਈ ਵਾਰ ਅਫਵਾਹਾਂ ਕਾਰਨ ਲੋਕ ਭੈਅ-ਭੀਤ ਹੋ ਜਾਂਦੇ ਹਨ। ਜਦੋਂ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਪਿਛਲੇ ਦਿਨਾਂ ਦੌਰਾਨ ਭਾਰੀ ਬਰਸਾਤ ਕਾਰਨ ਬਣੇ ਹੜ੍ਹਾਂ ਵਰਗੇ ਹਾਲਾਤ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਨੁਕਸਾਨ ਦਾ ਜਾਇਜਾ ਲੈ ਰਹੇ ਹਨ ਅਤੇ ਮੁੜ ਆਮ ਵਰਗੇ ਹਾਲਾਤ ਬਣ ਰਹੇ ਹਨ। ਕਿਸੇ ਵੀ ਸਥਿਤੀ ਵਿੱਚ ਪ੍ਰਸ਼ਾਸ਼ਨ ਵੱਲੋਂ ਹਰ ਜਾਣਕਾਰੀ ਪੁਖਤਾ ਤੌਰ ਤੇ ਢੁਕਵੇਂ ਪ੍ਰਚਾਰ ਸਾਧਨਾਂ ਰਾਹੀਂ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਲਈ ਅਫਵਾਹਾਂ ਤੇ ਭਰੋਸਾ ਨਾ ਕੀਤੇ ਜਾਵੇ।