ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਪਿੰਡ ਜਰਖੜ ਵਿਚ ਜਾਗਰੂਕਤਾ ਕੈਂਪ ਲਾਇਆ 

ਲੁਧਿਆਣਾ 15 ਨਵੰਬਰ : ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਰਾਵੇ ਯੋਜਨਾ ਦੇ ਅਧੀਨ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਰਖੜ ਵਿਚ ਵਿਸ਼ੇਸ਼ ਜਾਗਰੂਕਤਾ ਕੈਂਪ ਲਾਇਆ| ਇਸ ਕੈਂਪ ਵਿਚ ਇਲਾਕਾ ਵਾਸੀਆਂ ਨੂੰ ਭੋਜਨ ਪ੍ਰੋਸੈਸਿੰਗ, ਫਸਲੀ ਰਹਿੰਦ-ਖੂੰਹਦ ਦੀ ਸੰਭਾਲ, ਪ੍ਰਦੂਸ਼ਣ ਮੁਕਤ ਤਿਉਹਾਰ ਮਨਾਉਣ, ਰਸੋਈ ਬਗੀਚੀਆਂ ਬਨਾਉਣ, ਫਲਦਾਰ ਬੂਟਿਆਂ ਦੀ ਕਾਸ਼ਤ ਆਦਿ ਮਸਲਿਆਂ ਬਾਰੇ ਜਾਗਰੂਕ ਕੀਤਾ ਗਿਆ| ਇਸਦੇ ਨਾਲ ਹੀ ਪਰਾਲੀ ਦੀ ਸੰਭਾਲ ਬਾਰੇ ਇਕ ਜਾਗਰੂਕਤਾ ਰੈਲੀ ਵੀ ਕੱਢੀ ਗਈ| ਪਿੰਡ ਜਰਖੜ ਵਿਚ ਵਾਤਾਵਰਨ ਅਤੇ ਖੇਤੀਬਾੜੀ ਨਾਲ ਸੰਬੰਧਤ ਗਤੀਵਿਧੀਆਂ ਵਿਚ ਹਿੱਸਾ ਲੈਂਦਿਆਂ ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੱਤਾ ਅਤੇ ਨਾਲ ਹੀ ਇਲਾਕਾ ਵਾਸੀਆਂ ਨੂੰ ਇਸਦੇ ਸਾਰਥਕ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ| ਕੈਂਪ ਵਿਚ ਸ਼ਾਮਿਲ ਹੋਣ ਵਾਲੇ ਮਾਹਿਰਾਂ ਵਿਚ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਦੇ ਡਾ. ਗੁਰਨਾਜ਼ ਨੇ ਉਹਨਾਂ ਦੇ ਖੇਤਰ ਦੀਆਂ ਨਵੀਨ ਖੋਜਾਂ ਦੀ ਜਾਣਕਾਰੀ ਦਿੱਤੀ| ਡਾ. ਲਵਲੀਸ਼ ਗਰਗ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਸਿਖਲਾਈ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ| ਡਾ. ਪੰਕਜ ਕੁਮਾਰ ਨੇ ਗੋਭੀ ਸਰ੍ਹੋਂ ਜੀ ਐੱਸ ਸੀ-7 ਦੀ ਕਾਸ਼ਤ ਅਤੇ ਸਿਹਤ ਸੰਬੰਧੀ ਲਾਭ ਗਿਣਾਏ| ਕੈਂਪ ਵਿਚ ਪਰਾਲੀ ਦੀ ਸੰਭਾਲ ਬਾਰੇ ਵਿਸ਼ੇਸ਼ ਤੌਰ ਤੇ ਭਾਗ ਲੈਣ ਵਾਲਿਆਂ ਨੂੰ ਜਾਗਰੂਕ ਕੀਤਾ ਗਿਆ| ਵਿਦਿਆਰਥੀਆਂ ਨੇ ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਪਰਾਲੀ ਖੇਤ ਵਿਚ ਸੰਭਾਲਣ ਦੇ ਜ਼ਮੀਨ ਉੱਪਰ ਪੈਣ ਵਾਲੇ ਸਾਰਥਕ ਪ੍ਰਭਾਵਾਂ ਦੀ ਜਾਣਕਾਰੀ ਦਿੱਤੀ| ਖੇਤੀ ਜੰਗਲਾਤ ਵਿਭਾਗ ਦੇ ਵਿਦਿਆਰਥੀਆਂ ਨੇ ਦਿਵਾਲੀ ਮੌਕੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਅਤੇ ਆਲੇ-ਦੁਆਲੇ ਬਹੁਤ ਸਾਰੇ ਬੂਟੇ ਲਾਏ| ਨਾਲ ਹੀ ਪਿੰਡ ਵਾਸੀਆਂ ਨੂੰ ਦਿਵਾਲੀ ਮਨਾਉਣ ਦੇ ਰਵਾਇਤੀ ਢੰਗਾਂ ਦੀ ਜਾਣਕਾਰੀ ਦਿੱਤੀ ਗਈ| ਨਾਲ ਹੀ ਘਰੇਲੂ ਖਰਚੇ ਘਟਾਉਣ ਅਤੇ ਪੌਸ਼ਟਿਕ ਸਬਜ਼ੀ ਪਰਿਵਾਰ ਦੀ ਖੁਰਾਕ ਬਨਾਉਣ ਲਈ ਰਸੋਈ ਬਗੀਚੀ ਅਤੇ ਫਲਦਾਰ ਬੂਟਿਆਂ ਬਾਰੇ ਦੱਸਿਆ ਗਿਆ| ਇਕ ਵਿਸ਼ੇਸ਼ ਰੈਲੀ ਕੱਢ ਕੇ ਇਲਾਕਾ ਵਾਸੀਆਂ ਨੂੰ ਪਰਾਲੀ ਦੀ ਸੰਭਾਲ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਵਿਦਿਆਰਥੀਆਂ ਨੇ ਕੀਤੀ| ਡਾ. ਗੁਰਮੀਤ ਕੌਰ ਧਾਲੀਵਾਲ ਦੀ ਅਗਵਾਈ ਵਿਚ ਇਹ ਰੈਲੀ ਕੱਢੀ ਗਈ| ਇਲਾਕਾ ਨਿਵਾਸੀਆਂ ਨੇ ਪੀ.ਏ.ਯੂ. ਵੱਲੋਂ ਵਾਤਾਵਰਨ ਪ੍ਰਤੀ ਜਾਗਰੂਕਤਾ ਲਈ ਕੀਤੀਆਂ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ|