ਪੀ.ਏ.ਯੂ. ਵਿਚ ਜੁੜੇ ਰਾਸ਼ਟਰੀ ਪੱਧਰ ਦੇ ਮਾਹਿਰਾਂ ਨੇ ਪਰਾਲੀ ਦੀ ਸੰਭਾਲ ਬਾਰੇ ਕੀਤੀਆਂ ਵਿਚਾਰਾਂ

  • ਮਾਹਿਰਾਂ ਨੇ ਪਰਾਲੀ ਨੂੰ ਸਮੱਸਿਆ ਨਹੀਂ ਬਲਕਿ ਸਰੋਤ ਸਮਝਣ ਦਾ ਹੋਕਾ ਦਿੱਤਾ

ਲੁਧਿਆਣਾ 9 ਜੂਨ : ਅੱਜ ਪੀ ਏ ਯੂ ਦੇ ਪਾਲ ਆਡੀਟੋਰੀਅਮ ਵਿਚ ਪਰਾਲੀ ਦੀ ਸੰਭਾਲ ਦੇ ਮੁੱਦਿਆਂ ਅਤੇ ਭਵਿੱਖ ਦੀ ਦਿਸਾ ਨਿਰਧਾਰਤ ਕਰਨ ਲਈ ਇਕ ਗੋਸਟੀ ਕਰਵਾਈ ਗਈ| ਇਸ ਵਿਚ ਦੇਸ ਭਰ ਦੇ ਖੇਤੀ ਮਾਹਿਰਾਂ, ਉੱਚ ਖੇਤੀ ਅਧਿਕਾਰੀਆਂ , ਕਿਸਾਨਾਂ ਅਤੇ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਭਾਗ ਲਿਆ| ਆਰੰਭਕ ਸੈਸਨ ਵਿੱਚ ਸ੍ਰੀ ਕੇ ਏ ਪੀ ਸਿਨਹਾ, ਵਧੀਕ ਮੁੱਖ ਸਕੱਤਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਸਰਕਾਰ, ਸ੍ਰੀਮਤੀ ਐੱਸ ਰੁਕਮਣੀ, ਜੁਆਇੰਟ ਸਕੱਤਰ, ਖੇਤੀਬਾੜੀ ਤੇ ਕਿਸਾਨ ਭਲਾਈ, ਭਾਰਤ ਸਰਕਾਰ, ਸੀ ਏ ਕਿਊ ਐਮ ਦੇ ਮੈਂਬਰ ਸਕੱਤਰ ਸ੍ਰੀ ਅਰਵਿੰਦ ਨੌਟਿਆਲ, ਪੰਜਾਬ ਦੇ ਨਿਰਦੇਸਕ ਖੇਤੀਬਾੜੀ ਡਾ ਗੁਰਵਿੰਦਰ ਸਿੰਘ, ਨਿਰਦੇਸਕ ਖੋਜ ਡਾ ਅਜਮੇਰ ਸਿੰਘ ਢੱਟ, ਨਿਰਦੇਸਕ ਪਸਾਰ ਸਿੱਖਿਆ ਡਾ ਗੁਰਮੀਤ ਸਿੰਘ ਬੁੱਟਰ ਅਤੇ ਅਪਰ ਨਿਰਦੇਸਕ ਪਸਾਰ ਸਿੱਖਿਆ ਡਾ ਜੀ ਪੀ ਐੱਸ ਸੋਢੀ ਮੰਚ ਤੇ ਮੌਜੂਦ ਰਹੇ|ਸ੍ਰੀ ਕੇ ਏ ਪੀ ਸਿਨਹਾ ਨੇ ਆਪਣੇ ਵਿਚਾਰ ਪੇਸ ਕਰਦਿਆਂ ਜਾਰਜ ਵਾਸ਼ਿੰਗਟਨ ਦੇ ਕਥਨ ਦੇ ਹਵਾਲੇ ਨਾਲ ਖੇਤੀ ਦੇ ਮਹੱਤਵ ਦੀ ਗੱਲ ਕੀਤੀ| ਉਨ੍ਹਾਂ ਕਿਹਾ ਕਿ ਖੇਤੀ ਸਿਹਤ ਪ੍ਰਦਾਨ ਕਰਨ ਵਾਲਾ ਕਿੱਤਾ ਹੈ ਤੇ ਉਸਦੀ ਕੋਈ ਗਤੀਵਿਧੀ ਸਿਹਤ ਨੂੰ ਨੁਕਸਾਨ ਨਹੀਂ ਕਰ ਸਕਦੀ| ਉਹਨਾਂ ਕਿਹਾ ਕਿ ਅਸੀਂ ਰੋਜਾਨਾ ਜ਼ਿੰਦਗੀ ਵਿਚ ਤਿੰਨ ਵਾਰ ਖਾਣਾ ਖਾਣ ਸਮੇਂ ਕਿਸਾਨ ਨੂੰ ਯਾਦ ਕਰਦੇ ਹਾਂ| ਪਰਾਲੀ ਦੀ ਸੰਭਾਲ ਦੇ ਮੁੱਦੇ ਤੇ ਗੱਲ ਕਰਦਿਆਂ ਸ੍ਰੀ ਸਿਨਹਾ ਨੇ ਇਸਨੂੰ ਇਕ ਫਰਜ ਕਿਹਾ| ਉਨ੍ਹਾਂ ਕਿਹਾ ਕਿ ਸਰਕਾਰੀ ਯੋਜਨਾਵਾਂ ਅਜਿਹੀਆਂ ਹੋਣ ਜਿਨ੍ਹਾਂ ਨੂੰ ਕਿਸਾਨ ਜਲਦ ਅਪਣਾ ਲੈਣ| ਇਨ੍ਹਾਂ ਯੋਜਨਾਵਾਂ ਨੂੰ ਕਿਸਾਨ ਤਕ ਪੁਚਾਉਣ ਲਈ ਰਾਜ ਸਰਕਾਰ ਦੀ ਭੂਮਿਕਾ ਅਹਿਮ ਹੈ ਤੇ ਇਸ ਕਾਰਜ ਵਿਚ ਸਭ ਤੋਂ ਅਹਿਮ ਭੂਮਿਕਾ ਪੀ ਏ ਯੂ ਮਾਹਿਰਾਂ ਦੀ ਹੈ| ਪਰਾਲੀ ਦੀ ਸੰਭਾਲ ਦਾ ਥੋੜ੍ਹਾ ਸਮਾਂ ਉਨ੍ਹਾਂ ਅਨੁਸਾਰ ਇਸਦੇ ਸਾੜਨ ਦਾ ਮੁੱਖ ਕਾਰਨ ਹੈ| ਇਸ ਚੁਣੌਤੀ ਨੂੰ ਸਵੀਕਾਰ ਕਰਕੇ ਮਾਹਿਰਾਂ ਦੀਆਂ ਤਜਵੀਜਾਂ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ| ਮਸੀਨਾਂ ਲੈਣ ਸੰਬੰਧੀ ਉਨ੍ਹਾਂ ਕਿਹਾ ਕਿ ਇਸਦੀ ਪ੍ਰਕਿਰਿਆ ਸੌਖੀ ਕੀਤੀ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਕੁਝ ਥਾਵਾਂ ਤੇ ਪਰਾਲੀ ਸਾੜਨ ਦਾ ਰੁਝਾਨ ਨਾ ਮਾਤਰ ਹੀ ਹੈ| ਇਸ ਤੋਂ ਪ੍ਰੇਰਨਾ ਲੈ ਕੇ ਸਾਰੇ ਪੰਜਾਬ ਵਿੱਚ ਇਹ ਰੁਝਾਨ ਰੋਕਣ ਦੀਆਂ ਕੋਸ਼ਿਸ਼ਾਂ ਤੇਜ ਕੀਤੀਆਂ ਜਾਣਗੀਆਂ| ਇਸ ਕਾਰਜ ਲਈ ਸਹਿਕਾਰੀ ਸਭਾਵਾਂ ਦੀ ਕਾਰਜਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਇਆ ਜਾਵੇਗਾ| ਉਨ੍ਹਾਂ ਨੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀਆਂ ਕਹਾਣੀਆਂ ਹੋਰ ਕਿਸਾਨਾਂ ਤਕ ਲਿਜਾਣ ਦੀ ਲੋੜ ਤੇ ਜੋਰ ਦਿੱਤਾ| ਸ੍ਰੀ ਸਿਨਹਾ ਨੇ ਕਿਹਾ ਕਿ ਪੀ ਏ ਯੂ ਨੇ ਦੇਸ ਨੂੰ ਅਨਾਜ ਪੱਖੋਂ ਸਵੈ ਨਿਰਭਰ ਬਣਾਉਣ ਲਈ ਇਤਿਹਾਸ ਵਿਚ ਬੇਮਿਸਾਲ ਕਾਰਜ ਕੀਤਾ ਸੀ| ਹੁਣ ਇਹੀ ਸੰਸਥਾ ਪਰਾਲੀ ਦੀ ਸੰਭਾਲ ਲਈ ਚਾਨਣ ਮੁਨਾਰਾ ਬਣੇਗੀ|ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਸਮਾਗਮ ਦੀ ਰੂਪ ਰੇਖਾ ਬਾਰੇ ਵਿਸਥਾਰ ਨਾਲ ਗੱਲ ਕੀਤੀ| ਉਨ੍ਹਾਂਇਸ ਵਿਚਾਰ ਚਰਚਾ ਨੂੰ ਪਰਾਲੀ ਦੀ ਸੰਭਾਲ ਦੇ ਪੱਖ ਤੋਂ ਅਹਿਮ ਕਿਹਾ| ਪੰਜਾਬ ਦੇ 80 ਫੀਸਦੀ ਰਕਬੇ ਵਿੱਚ ਕਣਕ ਝੋਨੇ ਦੇ ਫਸਲੀ ਚੱਕਰ ਦੀ ਕਾਸਤ ਹੁੰਦੀ ਹੈ| ਉਨ੍ਹਾਂ ਝੋਨੇ ਨੂੰ ਘੱਟ ਖਤਰੇ ਵਾਲੀ ਫਸਲ ਹੋਣ ਕਾਰਨ ਕਿਸਾਨਾਂ ਵਿਚ ਮਕਬੂਲ ਕਿਹਾ| ਕਣਕ ਝੋਨਾ ਮਸੀਨੀ ਕਾਸਤ ਆਧਾਰਿਤ ਹੋਣ ਕਰਕੇ ਵੀ ਵੱਧ ਬੀਜਿਆ ਜਾਂਦਾ ਹੈ| ਵਾਈਸ ਚਾਂਸਲਰ ਨੇ ਦੱਸਿਆ ਕਿ ਝੋਨੇ ਹੇਠ ਰਕਬਾ ਵਧ ਕੇ 31 ਲੱਖ ਹੈਕਟੇਅਰ ਹੋ ਗਿਆ ਹੈ| ਝੋਨੇ ਦੀ ਵਢਾਈ ਤੋਂ ਬਾਅਦ ਕਣਕ ਬੀਜਣ ਦਾ ਸਮਾਂ ਥੋੜ੍ਹਾ ਹੁੰਦਾ ਹੈ| ਪਰਾਲੀ ਦੀ ਵਰਤੋਂ ਤੂੜੀ ਵਾਂਗ ਨਹੀਂ ਹੋ ਰਹੀ ਇਸਦਾ ਕਾਰਨ ਇਹ ਹੈ ਕਿ ਝੋਨੇ ਵਿਚ ਸਿਲਿਕਾ ਦੇ ਕਣ ਹੁੰਦੇ ਹਨ ਜਿਸ ਕਾਰਨ ਪਸ਼ੂਆਂ ਨੂੰ ਛੇਤੀ ਪਚਦੀ ਨਹੀਂ| ਡਾ ਗੋਸਲ ਨੇ ਦੱਸਿਆ ਕਿ ਜਿੰਨਾ ਝੋਨਾ ਪੈਦਾ ਹੁੰਦਾ ਹੈ ਉਸ ਤੋਂ ਵੱਧ ਪਰਾਲੀ ਪੈਦਾ ਹੋ ਜਾਂਦੀ ਹੈ| ਮਿੱਟੀ ਲਈ ਲੋੜੀਂਦੇ ਸੂਖਮ ਤੱਤ ਵੀ ਪਰਾਲੀ ਵਿਚ ਭਰਵੀਂ ਮਾਤਰਾ ਵਿਚ ਹੁੰਦੇ ਹਨ| ਇਨ੍ਹਾਂ ਵਿਚਾਰਾਂ ਦੀ ਰੌਸਨੀ ਵਿਚ ਉਨ੍ਹਾਂ ਨੇ ਮਿੱਟੀ ਦੀ ਸਿਹਤ ਅਤੇ ਪਰਦੂਸਣ ਤੋਂ ਬਚਾਅ ਲਈ ਪਰਾਲੀ ਨੂੰ ਖੇਤ ਵਿਚ ਸੰਭਾਲਣ ਤੇ ਜੋਰ ਦਿੱਤਾ| ਪੀ ਏ ਯੂ ਵਲੋਂ ਪਰਾਲੀ ਦੀ ਸੰਭਾਲ ਦੀਆਂ ਤਕਨੀਕਾਂ ਦਾ ਵੀ ਜ਼ਿਕਰ ਡਾ ਗੋਸਲ ਨੇ ਕੀਤਾ|  ਉਨ੍ਹਾਂ ਦੱਸਿਆ ਕਿ 2017 ਤੋਂ ਬਾਅਦ ਪਰਾਲੀ ਦੀ ਸੰਭਾਲ ਬਾਰੇ ਜਾਗਰੂਕਤਾ ਵਧੀ ਹੈ ਤੇ ਸਰਕਾਰਾਂ ਵੀ ਇਸ ਪਾਸੇ ਸੁਚੇਤ ਹੋਈਆਂ ਹਨ| ਪਿਛਲੇ ਸਾਲ 49 ਫੀਸਦ ਰਕਬੇ ਵਿੱਚ ਪਰਾਲੀ ਦੀ ਸੰਭਾਲ ਕੀਤੀ ਗਈ ਸੀ, ਅੱਗੋਂ ਇਹ ਮਿਕਦਾਰ ਵਧਾਉਣ ਦੀ ਲੋੜ ਹੈ| ਉਨ੍ਹਾਂ ਗੋਦ ਲਏ ਪਿੰਡਾਂ ਵਿਚ ਪਰਾਲੀ ਸਾੜਨ ਮੁਕਤ ਰੁਝਾਨਾਂ ਦਾ ਵੀ ਜ਼ਿਕਰ ਕੀਤਾ| ਨਾਲ ਹੀ ਡਾ ਗੋਸਲ ਨੇ ਸਾਂਝੀਆਂ ਕੋਸ਼ਿਸ਼ਾਂ ਵਜੋਂ ਕੀਤੇ ਜਾ ਰਹੇ ਯਤਨਾਂ ਦਾ ਹਵਾਲਾ ਦਿੱਤਾ| ਇਸ ਕਾਰਜ ਲਈ ਸਰਕਾਰ ਅਤੇ ਉਦਯੋਗਾਂ ਦੇ ਯੋਗਦਾਨ ਬਾਰੇ ਵੀ  ਉਨ੍ਹਾਂ ਗੱਲ ਕੀਤੀ| ਉਨ੍ਹਾਂ ਅੱਜ ਦੀ ਵਿਚਾਰ ਚਰਚਾ ਨੂੰ ਬੇਹੱਦ ਉਸਾਰੂ ਕਿਹਾ ਤੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਦਾ ਸੁਨੇਹਾ ਅੱਗੇ ਲਿਜਾਣ ਦੀ ਅਪੀਲ ਕੀਤੀ|ਭਾਰਤ ਸਰਕਾਰ ਦੀਆਂ ਇਸ ਦਿਸਾ ਵਿਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਸ੍ਰੀਮਤੀ ਐੱਸ ਰੁਕਮਣੀ ਨੇ ਜਾਣਕਾਰੀ ਦਿੱਤੀ| ਉਨ੍ਹਾਂ ਅੱਜ ਦੀ ਗੋਸਟੀ ਦੇ ਆਯੋਜਨ ਲਈ ਪੀ ਏ ਯੂ ਅਤੇ ਖੇਤੀਬਾੜੀ ਵਿਭਾਗ ਦਾ ਧੰਨਵਾਦ ਕੀਤਾ| ਸ੍ਰੀਮਤੀ ਐੱਸ ਰੁਕਮਣੀ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਦੱਸਣਾ ਇਸ ਵਰਕਸਾਪ ਦਾ ਉਦੇਸ ਹੈ ਕਿ ਪਰਾਲੀ ਦੀ ਸੰਭਾਲ ਵਾਤਾਵਰਨ ਲਈ ਬੇਹੱਦ ਲਾਜਮੀ ਹੈ| ਇਸ ਲਈ ਸਿਹਤ ਅਤੇ ਜੀਵ ਜੰਤੂਆਂ ਦੀ ਰਖਵਾਲੀ ਲਈ ਪਰਾਲੀ ਨੂੰ ਬਿਨਾਂ ਸਾੜੇ ਸਾਂਭਣਾ ਬਹੁਤ ਜਰੂਰੀ ਹੈ| ਉਨ੍ਹਾਂ ਉਦਯੋਗਾਂ ਵਿਚ ਪਰਾਲੀ ਦੀ ਵਰਤੋਂ ਦੇ ਬਦਲਾਂ ਦੀ ਜਾਣਕਾਰੀ ਦਿੱਤੀ| ਪਰਾਲੀ ਦੀ ਸੰਭਾਲ ਲਈ 2018 ਤੋਂ ਬਾਅਦ ਸਬਸਿਡੀ ਤੇ ਕਿਸਾਨਾਂ ਨੂੰ ਮਸੀਨਾਂ ਦੇਣ ਦੇ ਨਾਲ ਨਾਲ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ| ਇਸ ਨਾਲ ਪਿਛਲੇ 4 ਸਾਲਾਂ ਵਿਚ 30 ਫੀਸਦ ਤਕ ਪਰਾਲੀ ਸਾੜਨ ਦਾ ਰੁਝਾਨ ਘਟਿਆ ਹੈ| ਉਨ੍ਹਾਂ ਕਿਹਾ ਕਿ ਤਿੰਨਾਂ ਰਾਜਾਂ ਨਾਲ ਮਿਲ ਕੇ ਸਰਕਾਰ ਉਦਯੋਗਾਂ ਨਾਲ ਮਿਲ ਕੇ ਕਿਸਾਨਾਂ ਨੂੰ ਪਰਾਲੀ ਦਾ ਮੁੱਲ ਦੇਣ ਦੇ ਬਦਲਾਂ ਬਾਰੇ ਗੰਭੀਰਤਾ ਨਾਲ ਸੋਚ ਰਹੀ ਹੈ| ਆਉਂਦੇ ਇਕ ਦੋ ਮਹੀਨਿਆਂ ਵਿਚ ਇਸ ਸੰਬੰਧੀ ਇਕ ਯੋਜਨਾ ਲਿਆਂਦੀ ਜਾ ਰਹੀ ਹੈ| ਉਦਯੋਗ ਅਤੇ ਕਿਸਾਨ ਇਸ ਵਿਚ ਸਹਿਯੋਗ ਕਰਨਗੇ ਇਸਦੀ ਆਸ ਸ੍ਰੀਮਤੀ ਐੱਸ ਰੁਕਮਣੀ ਨੇ ਪਰਗਟ ਕੀਤੀ|ਸ੍ਰੀ ਅਰਵਿੰਦ ਨੌਟਿਆਲ ਨੇ ਇਸ ਮੌਕੇ ਗੱਲ ਕਰਦਿਆਂ ਉੱਤਰੀ ਭਾਰਤ ਦੇ ਵਾਤਾਵਰਨ ਵਿਚ ਪਰਾਲੀ ਸਾੜਨ ਨਾਲ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕੀਤੀ| ਉਨ੍ਹਾਂ ਪਰਾਲੀ ਸਾੜਨ ਤੋਂ ਪੈਦਾ ਹੋਣ ਵਾਲੇ ਜਹਿਰੀਲੇ ਤੱਤਾਂ ਦਾ ਵੇਰਵਾ ਦਿੱਤਾ ਤੇ ਇਸਦੇ ਹਵਾ, ਪਾਣੀ ਤੇ ਮਿੱਟੀ ਉੱਪਰ ਬੁਰੇ ਪ੍ਰਭਾਵਾਂ ਦੀ ਚਰਚਾ ਕੀਤੀ| ਸਰਦੀਆਂ ਦੌਰਾਨ ਪਰਦੂਸਣ ਵਿਚ ਵੱਡਾ ਹਿੱਸਾ ਪਰਾਲੀ ਦੇ ਧੂੰਏਂ ਨਾਲ ਪੈਂਦਾ ਹੈ| ਇਸ ਸਮੱਸਿਆ ਦੇ ਹੱਲ ਲਈ ਖੇਤੀ ਵਿਭਿੰਨਤਾ ਦੀਆਂ ਕੋਸ਼ਿਸ਼ਾਂ ਸੰਬੰਧੀ ਵੀ ਸ੍ਰੀ ਅਰਵਿੰਦ ਨੌਟੀਆਲ ਨੇ ਅੰਕੜੇ ਦਿੱਤੇ| ਨਾਲ ਹੀ ਪੂਸਾ 44 ਦੇ ਮੁਕਾਬਲੇ ਪੀ ਏ ਯੂ ਦੀਆਂ ਘੱਟ ਮਿਆਦ ਵਾਲੀਆਂ ਕਿਸਮਾਂ ਦੀ ਸਲਾਘਾ ਕੀਤੀ| ਉਨ੍ਹਾਂ ਤੱਤ ਸਾਰ ਵਜੋਂ ਕਿਹਾ ਕਿ ਪਰਾਲੀ ਨੂੰ ਇਕ ਸਮੱਸਿਆ ਨਾ ਮੰਨ ਕੇ ਇਸਨੂੰ ਇਕ ਸਰੋਤ ਮੰਨਿਆ ਜਾਵੇ| ਨਿਰਦੇਸਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਆਪਣੇ ਸਬਦਾਂ ਵਿਚ ਪੀ ਏ ਯੂ ਦੀਆਂ ਪਰਾਲੀ ਸੰਭਾਲ ਬਾਰੇ ਖੋਜਾਂ ਸਾਂਝੀਆਂ ਕੀਤੀਆਂ| ਉਨ੍ਹਾਂ ਖੇਤ ਵਿਚ ਤੇ ਖੇਤ ਤੋਂ ਬਾਹਰ ਪਰਾਲੀ ਸੰਭਾਲ ਲਈ ਮਸੀਨਾਂ ਦੇ ਨਾਲ ਨਾਲ ਘੱਟ ਪਰਾਲ ਵਾਲੀਆਂ ਕਿਸਮਾਂ ਦਾ ਵਿਸੇਸ ਜ਼ਿਕਰ ਕੀਤਾ| ਇਸ ਮੌਕੇ ਪੂਸਾ ਇੰਸਟੀਚਿਊਟ ਤੋਂ ਡਾ. ਸੁਨੀਲ ਪਾਬੀ ਨੇ ਪੂਸਾ ਡੀਕੰਪੋਜ਼ਰ ਰਾਹੀਂ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਦੀ ਤਕਨੀਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸਵਾਗਤ ਦੇ ਸਬਦ ਨਿਰਦੇਸਕ ਪਸਾਰ ਸਿੱਖਿਆ ਡਾ ਗੁਰਮੀਤ ਸਿੰਘ ਬੁੱਟਰ ਨੇ ਕਹੇ| ਉਨ੍ਹਾਂ ਰੁਝੇਵੇਂ ਭਰੇ ਸਮਿਆਂ ਚੋਂ ਏਥੇ ਆਉਣ ਲਈ ਖਾਸ ਤੌਰ ਤੇ ਕਿਸਾਨਾਂ ਦਾ ਧੰਨਵਾਦ ਕੀਤਾ| ਉਨ੍ਹਾਂ ਕਿਹਾ ਕਿ ਪਰਾਲੀ ਨੂੰ ਬੋਝ ਸਮਝਣ ਦੀ ਥਾਂ ਸਰੋਤ ਸਮਝਿਆ ਜਾਵੇ| ਪਰਾਲੀ ਵਿੱਚ ਪਾਈਆਂ ਖਾਦਾਂ ਦੇ ਤੱਤ ਸ਼ਾਮਿਲ ਹੁੰਦੇ ਹਨ ਇਸ ਲਈ ਇਨ੍ਹਾਂ ਦੀ ਖੇਤ ਵਿਚ ਸੰਭਾਲ ਨਾਲ ਤੱਤ ਬਚੇ ਰਹਿ ਸਕਦੇ ਹਨ|  ਉਨ੍ਹਾਂ ਕਿਹਾ ਕਿ ਪੀ ਏ ਯੂ ਦੀਆਂ ਕਿਸਮਾਂ ਦੀ ਪਰਾਲੀ ਮੁਕਾਬਲਤਨ ਘੱਟ ਹੁੰਦੀ ਹੈ ਅਤੇ ਪਰਾਲੀ ਖੇਤ ਵਿਚ ਵਾਹੁਣ ਨਾਲ ਯੂਰੀਆ, ਡੀ ਏ ਪੀ ਅਤੇ ਪੋਟਾਸ ਦੇ ਨਾਲ ਨਾਲ ਕਾਰਬਨ, ਸਲਫਰ, ਲੋਹਾ, ਕਾਪਰ, ਮੈਗਨੀਜ, ਜ਼ਿੰਕ ਆਦਿ ਤੱਤ ਮਿੱਟੀ ਵਿੱਚ ਵਧਦੇ ਹਨ|  ਉਨ੍ਹਾਂ  ਕਿਹਾ ਕਿ ਕੁਝ ਤੱਤ ਤਾਂ ਦਾਣਿਆਂ ਬਰਾਬਰ ਹੀ ਹੁੰਦੇ ਹਨ| ਅਜੋਕੇ ਦੌਰ ਵਿਚ ਪਰਾਲੀ ਸੰਭਾਲਣ ਵਾਲੇ ਕਿਸਾਨਾਂ ਦੀ ਗਿਣਤੀ ਵਧੀ ਹੈ, ਆਉਂਦੇ ਸਮੇਂ ਹੋਰ ਵਧਣ ਦੀ ਆਸ ਹੈ| ਮਹਿਮਾਨਾਂ ਨੂੰ ਯੂਨੀਵਰਸਿਟੀ ਦੀ ਤਰਫੋਂ ਸਨਮਾਨ ਚਿੰਨ੍ਹ ਦਿੱਤੇ ਗਏ| ਅੰਤ ਵਿੱਚ ਡਾ ਜੀ ਪੀ ਐੱਸ ਸੋਢੀ ਨੇ ਧੰਨਵਾਦ ਦੇ ਸਬਦ ਕਹੇ| ਅੱਜ ਹੋਏ ਤਿੰਨ ਤਕਨੀਕੀ ਸੈਸਨਾਂ ਵਿਚ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ ਦੇ ਖੇਤੀ ਮਾਹਿਰਾਂ ਨੇ ਪਰਾਲੀ ਸੰਭਾਲ ਦੇ ਖੇਤਰ ਵਿਚ ਆਉਂਦੀਆਂ ਸਮੱਸਿਆਵਾਂ ਤੇ ਉਸਦੇ ਹੱਲਾਂ ਬਾਰੇ ਵਿਚਾਰ ਕੀਤੀ| ਇਨ੍ਹਾਂ ਸੈਸਨਾਂ ਵਿਚ ਘੱਟ ਪਰਾਲੀ ਤੇ ਥੋੜ੍ਹੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ, ਮਸੀਨਰੀ ਦੀ ਸੋਧ, ਸਰਕਾਰੀ ਯੋਜਨਾਵਾਂ, ਖੇਤ ਵਿਚ ਤੇ ਖੇਤ ਤੋਂ ਬਾਹਰ ਸੰਭਾਲ ਆਦਿ ਬਾਰੇ ਮਾਹਿਰਾਂ ਨੇ ਡਟ ਕੇ ਚਰਚਾ ਕੀਤੀ| ਹਾਜਰ ਕਿਸਾਨਾਂ ਨੇ ਆਪਣੇ ਸਵਾਲ ਮਾਹਿਰਾਂ ਅੱਗੇ ਰੱਖੇ ਤੇ ਉਸਾਰੂ ਸੁਝਾਅ ਵੀ ਦਿੱਤੇ|ਇਸ ਵਰਕਸ਼ਾਪ ਵਿਚ ਕ੍ਰਿਸੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹ ਸੇਵਾ ਕੇਂਦਰਾਂ ਅਤੇ ਰਾਜ ਦੇ ਖੇਤੀਬਾੜੀ ਵਿਭਾਗ ਦੇ ਪਸਾਰ ਮਾਹਿਰ ਵੱਡੀ ਗਿਣਤੀ ਵਿਚ ਮੌਜੂਦ ਸਨ| ਵਰਕਸ਼ਾਪ ਵਿੱਚ ਪੀ ਏ ਯੂ ਵਲੋਂ ਪਰਾਲੀ ਦੀ ਸੰਭਾਲ ਲਈ ਵਿਕਸਿਤ ਕੀਤੀ ਮਸ਼ੀਨਰੀ ਦਾ ਪਰਦਰਸਨ ਕੀਤਾ ਗਿਆ ਸੀ|