ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਸਾਬਕਾ ਵਿਦਿਆਰਥੀ ਨੂੰ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਖੋਜ ਕਰਨ ਲਈ ਦਾਖਲਾ ਮਿਲਿਆ 

ਲੁਧਿਆਣਾ 24 ਜੁਲਾਈ : ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ 2020-22 ਤੱਕ ਐੱਮ ਐੱਸ ਸੀ ਦੇ ਵਿਦਿਆਰਥੀ ਰਹੇ ਕੁਮਾਰੀ ਮਹਿਕਪ੍ਰੀਤ ਕੌਰ ਨੂੰ ਅਮਰੀਕਾ ਦੀ ਨਾਰਥ ਡਕੋਟਾ ਸਟੇਟ ਯੂਨੀਵਰਸਿਟੀ ਵਿੱਚ ਪੀ.ਐੱਚ.ਡੀ. ਲਈ ਦਾਖਲਾ ਮਿਲ ਗਿਆ ਹੈ | ਉਥੇ ਕੁਮਾਰੀ ਮਹਿਕਪ੍ਰੀਤ ਬਾਇਓਲੋਜੀਕਲ ਸਾਇੰਸਜ਼ ਵਿਭਾਗ ਦੇ ਮੁਖੀ ਡਾ. ਜੂਲੀਆ ਬੋਸਰ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਕਰਨਗੇ | ਅਮਰੀਕਾ ਦੀ ਯੂਨੀਵਰਸਿਟੀ ਵੱਲੋਂ ਕੁਮਾਰੀ ਮਹਿਕਪ੍ਰੀਤ ਨੂੰ ਇਸ ਕਾਰਜ ਲਈ ਪੂਰੀ ਫੀਸ ਮੁਆਫੀ ਦੇ ਨਾਲ-ਨਾਲ ਵਜ਼ੀਫਾ ਵੀ ਦਿੱਤਾ ਜਾ ਰਿਹਾ ਹੈ | ਅਗਸਤ 2023 ਵਿੱਚ ਕੁਮਾਰੀ ਮਹਿਕਪ੍ਰੀਤ ਉਸ ਯੂਨੀਵਰਸਿਟੀ ਦੇ ਖੋਜ ਕਾਰਜ ਦਾ ਹਿੱਸਾ ਬਣ ਜਾਵੇਗੀ | ਪੀ.ਏ.ਯੂ. ਵਿਖੇ ਮਹਿਕਪ੍ਰੀਤ ਨੇ ਡਾ. ਅਮਿਤ ਚੌਧਰੀ ਦੀ ਨਿਗਰਾਨੀ ਹੇਠ ਪੰਜਾਬ ਵਿੱਚ ਮਧੂ-ਮੱਖੀਆਂ ਦੀ ਵਿਭਿੰਨਤਾ ਸੰਬੰਧੀ ਐੱਮ ਐੱਸ ਸੀ ਖੋਜ ਕਾਰਜ ਕੀਤਾ | ਇਸ ਦੌਰਾਨ ਵਿਦਿਆਰਥਣ ਵਿਭਾਗ ਦੇ ਸ਼ਹਿਦ ਮੱਖੀ ਮਾਹਿਰਾਂ ਤੋਂ ਅਗਵਾਈ ਪ੍ਰਾਪਤ ਕਰਕੇ ਅਗਲੇਰੇ ਅਕਾਦਮਿਕ ਸਫਰ ਦੀ ਤਿਆਰੀ ਕਰਦੀ ਰਹੀ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ.ਡੀ.ਕੇ.ਸਰਮਾ, ਡੀਨ ਪੋਸਟ ਗ੍ਰੈਜੂਏਟ ਸਟੱਡੀਜ ਡਾ.ਪੀ.ਕੇ.ਛੁਨੇਜਾ ਨੇ ਸ੍ਰੀਮਤੀ ਮਹਿਕਪ੍ਰੀਤ ਕੌਰ ਨੂੰ ਵਧਾਈ ਦਿੱਤੀ |