ਪੀ.ਏ.ਯੂ. ਵੱਲੋਂ ਸਥਾਪਿਤ ਤਕਨਾਲੋਜੀ ਸਰੋਤ ਕੇਂਦਰ ਦਾ ਦੌਰਾ ਕਰਨ ਸੀ ਆਈ ਡਬਲਯੂ ਏ ਦੇ ਨਿਰਦੇਸ਼ਕ ਵਿਸ਼ੇਸ਼ ਤੌਰ ਤੇ ਆਏ

ਲੁਧਿਆਣਾ 15 ਨਵੰਬਰ : ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੁਧਾਰ ਵਿਖੇ ਕਰਵਾਏ ਕਿਸਾਨ ਬੀਬੀਆਂ ਦੇ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਭੁਵਨੇਸ਼ਵਰ ਵਿਖੇ ਸਥਿਤ ਆਈ ਸੀ ਏ ਆਰ ਭਾਰਤੀ ਕਿਸਾਨ ਔਰਤਾਂ ਦੇ ਸੰਸਥਾਨ ਦੇ ਨਿਰਦੇਸ਼ਕ ਡਾ. ਮ੍ਰਿਦੁਲਾ ਦੇਵੀ ਵਿਸ਼ੇਸ਼ ਤੌਰ ਤੇ ਪਹੁੰਚੇ| ਉਹਨਾਂ ਤੋਂ ਇਲਾਵਾ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਵੀ ਇਸ ਮੌਕੇ ਮੌਜੂਦ ਸਨ| ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਮ੍ਰਿਦੁਲਾ ਦੇਵੀ ਨੇ ਕਿਸਾਨ ਬੀਬੀਆਂ ਨਾਲ ਗੱਲਾਂ ਬਾਤਾਂ ਕਰਦਿਆਂ ਉਹਨਾਂ ਦੀ ਮੁਸ਼ਕਿਲਾਂ ਸੁਣੀਆਂ| ਨਾਲ ਹੀ ਨੌਜਵਾਨ ਖੇਤੀ ਉੱਦਮੀਆਂ ਨਾਲ ਵੀ ਲੰਮੀ ਗੱਲਬਾਤ ਹੋਈ| ਡਾ. ਮ੍ਰਿਦੁਲਾ ਦੇਵੀ ਨੇ ਤਕਨੀਕ ਅਧਾਰਿਤ ਸਮਾਜ ਆਰਥਿਕ ਵਿਕਾਸ ਅਤੇ ਉਸ ਵਿੱਚੋਂ ਔਰਤਾਂ ਦੀ ਸਵੈ-ਨਿਰਭਰਤਾ ਬਾਰੇ ਗੱਲ ਕੀਤੀ| ਉਹਨਾਂ ਕਿਹਾ ਕਿ ਖੇਤੀ ਕਾਰੋਬਾਰ ਨਾਲ ਜੁੜ ਕੇ ਪੇਂਡੂ ਔਰਤਾਂ ਨਾ ਸਿਰਫ ਆਪਣੀ ਬਲਕਿ ਆਪਣੇ ਪਰਿਵਾਰ ਦੀ ਮਾਇਕ ਹਾਲਤ ਬਿਹਤਰ ਬਣਾ ਸਕਦੀਆਂ ਹਨ| ਯੂਨਿਟ ਦੇ ਕੁਆਰਡੀਨੇਟਰ ਡਾ. ਰਿਤੂ ਮਿੱਤਲ ਗੁਪਤਾ ਨੇ ਇਸ ਕੈਂਪ ਵਿਚ ਭਾਗ ਲੈਣ ਵਾਲੀਆਂ ਕਿਸਾਨ ਬੀਬੀਆਂ ਨੂੰ ਪ੍ਰੇਰਿਤ ਕਰਦਿਆਂ ਪੀ.ਏ.ਯੂ. ਵੱਲੋਂ ਕਿਸਾਨ ਬੀਬੀਆਂ ਲਈ ਕੀਤੀਆਂ ਜਾ ਰਹੀਆਂ ਸਿਖਲਾਈ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ| ਡਾ. ਰੇਨੂੰਕਾ ਅਗਰਵਾਲ ਨੇ ਕਿਸਾਨ ਔਰਤਾਂ ਨਾਲ ਗੱਲ ਕਰਦਿਆਂ ਪਿੰਡ ਪੱਧਰ ਤੇ ਅਪਣਾਈਆਂ ਜਾ ਸਕਣ ਵਾਲੀਆਂ ਤਕਨਾਲੋਜੀਆਂ ਦੀ ਗੱਲ ਕੀਤੀ| ਡਾ. ਸ਼ਿਵਾਨੀ ਰਾਣਾ ਨੇ ਤਕਨਾਲੋਜੀ ਸਰੋਤ ਕੇਂਦਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਹਵਾਲਾ ਦਿੱਤਾ| ਇਸ ਮੌਕੇ ਮੁੱਲ ਵਾਧਾ ਕੀਤੇ ਹੋਏ ਭੋਜਨ ਉਤਪਾਦਾਂ ਅਤੇ ਔਰਤਾਂ ਵੱਲੋਂ ਹੱਥੀਂ ਬਣਾਈਆਂ ਵਸਤਾਂ ਦੀ ਇਕ ਪ੍ਰਦਰਸ਼ਨੀ ਵੀ ਲਾਈ ਗਈ ਸੀ| 80 ਦੇ ਕਰੀਬ ਔਰਤਾਂ ਇਸ ਕੈਂਪ ਵਿਚ ਸ਼ਾਮਿਲ ਹੋਈਆਂ| ਪਿੰਡ ਦੇ ਸਰਪੰਚ ਸ਼੍ਰੀ ਹਰਮਿੰਦਰ ਸਿੰਘ ਗਿੱਲ, ਸ਼੍ਰੀਮਤੀ ਰਵਿੰਦਰਪਾਲ ਕੌਰ, ਕੋਆਪਰੇਟਿਵ ਸੋਸਇਟੀ ਦੇ ਪ੍ਰਧਾਨ ਸ਼੍ਰੀ ਹਰਮੇਲ ਸਿੰਘ ਅਤੇ ਸ਼੍ਰੀਮਤੀ ਤੇਜਿੰਦਰ ਕੌਰ ਨੇ ਵੀ ਇਸ ਸਮਾਰੋਹ ਵਿਚ ਭਾਗ ਲੈ ਕੇ ਕਿਸਾਨ ਬੀਬੀਆਂ ਨੂੰ ਪ੍ਰੇਰਿਤ ਕੀਤਾ| ਡਾ. ਮ੍ਰਿਦੁਲਾ ਦੇਵੀ ਨੇ ਪੀ.ਏ.ਯੂ. ਦੇ ਮਾਹਿਰਾਂ ਨਾਲ ਪਿੰਡ ਦੀਆਂ ਔਰਤਾਂ ਵੱਲੋਂ ਬਣਾਈਆਂ ਪੋਸ਼ਕ ਬਗੀਚੀਆਂ ਦੇਖੀਆਂ ਅਤੇ ਔਰਤਾਂ ਦੀ ਕੋਸ਼ਿਸ਼ਾਂ ਦੀ ਤਾਰੀਫ ਕੀਤੀ|