ਲੁਧਿਆਣਾ 26 ਅਪ੍ਰੈਲ : ਬੀਤੇ ਦਿਨੀਂ ਪੀ.ਏ.ਯੂ. ਦੇ ਮਨੁੱਖੀ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਨੇ 40 ਅੰਡਰਗ੍ਰੈਜੂਏਟ ਵਿਦਿਆਰਥੀਆਂ ਅਤੇ ਕਮਿਊਨਟੀ ਸਾਇੰਸ ਕਾਲਜ ਦੇ ਅਧਿਆਪਕਾਂ ਸਮੇਤ ਕੈਰੀਅਰ ਗਾਈਡੈਂਸ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ | ਇਸ ਵਿੱਚ ਪਸਾਰ ਮਾਹਿਰ ਡਾ. ਰਸ਼ਮੀ ਉਪਰੇਤੀ ਨੇ ਜਾਣ-ਪਛਾਣ ਭਾਸ਼ਣ ਦਿੱਤਾ | ਆਈ ਸੀ ਏ ਆਰ ਦੇ ਸਾਬਕਾ ਵਿਗਿਆਨੀ ਡਾ. ਡੀ ਕੇ ਭਾਰਤੀ ਇਸ ਮੌਕੇ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਉਹਨਾਂ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਪੇਸ਼ੇਵਰ ਜ਼ਿੰਦਗੀ ਦੀ ਸ਼ੁਰੂਆਤ ਦੇ ਬਹੁਤ ਸਾਰੇ ਨੁਕਤੇ ਸਮਝਾਏ | ਨਾਲ ਹੀ ਵੱਖ-ਵੱਖ ਖੇਤਰਾਂ ਵਿੱਚ ਮੌਕਿਆਂ ਬਾਰੇ ਗੱਲ ਕਰਦਿਆਂ ਉਹਨਾਂ ਨੇ ਗ੍ਰੈਜੂਏਸ਼ਨ ਤੋਂ ਬਾਅਦ ਨਿੱਜੀ ਅਤੇ ਪਬਲਿਕ ਖੇਤਰ ਦੇ ਮੌਕਿਆਂ ਤੇ ਚਾਨਣਾ ਪਾਇਆ | ਇਸ ਤੋਂ ਇਲਾਵਾ ਡਾ. ਭਾਰਤੀ ਨੇ ਅਗਲੇਰੀ ਪੜ੍ਹਾਈ ਲਈ ਫੈਲੋਸ਼ਿਪਾਂ ਸੰਬੰਧੀ ਵੀ ਗੱਲ ਕੀਤੀ | ਡਾ. ਰਸ਼ਮੀ ਉਪਰੇਤੀ ਨੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ |