ਪਟਿਆਲਵੀਆਂ ਨੂੰ ਜਲਦ ਮਿਲੇਗਾ ਸਾਇਕਲਿੰਗ ਟਰੈਕ ਦਾ ਤੋਹਫ਼ਾ

ਪਟਿਆਲਾ, 26 ਅਪ੍ਰੈਲ : ਪਟਿਆਲਵੀਆਂ ਦੀ ਸਿਹਤ ਨੂੰ ਹੋਰ ਤੰਦਰੁਸਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿੱਥੇ ਇੱਕ ਪਾਸੇ ਪਟਿਆਲਾ ਵਿਖੇ ਸੀ.ਐਮ. ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਹੈ, ਉਥੇ ਹੀ ਪਟਿਆਲਾ ਵਿਖੇ ਪਾਇਲਟ ਪ੍ਰਾਜੈਕਟ ਵਜੋਂ ਠੀਕਰੀਵਾਲਾ ਚੌਂਕ ਤੋਂ ਵਾਈ.ਪੀ.ਐਸ. ਚੌਂਕ ਤੱਕ ਕਰੀਬ 1.2 ਕਿਲੋਮੀਟਰ ਸੜਕ ਪਟਿਆਲਾ ਦੀ ਪਹਿਲੀ ਸਾਇਕਲਿੰਗ ਲੇਨ ਬਣਾਈ ਜਾਵੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤਾ।  ਉਹ ਅੱਜ ਇੱਥੇ ਬੁੰਗੇ ਇੰਟਰਪ੍ਰਾਈਜਜ਼ ਰਾਜਪੁਰਾ ਵੱਲੋਂ ਸੀ.ਐਸ.ਆਰ. ਫੰਡਾਂ ਨਾਲ ਇਸ ਸਾਇਕਲਿੰਗ ਲੇਨ ਨੂੰ ਬਣਾਉਣ ਲਈ ਲੋੜੀਂਦਾ ਸਾਰਾ ਸਾਜੋ-ਸਾਮਾਨ 1500 ਕੋਨ ਤੇ ਚੇਨਲਿੰਕ, ਕੰਪਨੀ ਦੇ ਨੁਮਾਇੰਦਿਆਂ ਕੋਲੋਂ ਹਾਸਲ ਕਰ ਰਹੇ ਸਨ। ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਾਸੀਆਂ ਅਤੇ ਖਾਸ ਕਰਕੇ ਸਾਇਕਲ ਚਲਾਉਣ ਵਾਲਿਆਂ ਲਈ ਸ਼ਹਿਰ ਵਿੱਚ ਇੱਕ ਡੈਡੀਕੇਟਿਡ ਸਾਇਕਲਿੰਗ ਲੇਨ ਦੀ ਘਾਟ ਸੀ, ਜਿਸ ਨੂੰ ਪੂਰਾ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਤੇ ਵਿਧਾਇਕ ਅਜੀਤਪਾਲ ਸਿੰਘ ਦੀ ਸਲਾਹ ਨਾਲ ਬੁੰਗੇ ਇੰਟਰਪ੍ਰਾਈਜਜ਼ ਤੋਂ ਸਹਿਯੋਗ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਇਕਲਿੰਗ ਟ੍ਰੈਕ ਨੂੰ ਲੈਕੇ ਸਾਇਕਲਿਸਟਾਂ 'ਚ ਕਾਫ਼ੀ ਉਤਸ਼ਾਹ ਹੈ ਅਤੇ ਇਹ ਜ਼ਿਲ੍ਹਾ ਪ੍ਰਸ਼ਾਸਨ ਦਾ ਸੁਪਨਾ ਸੀ, ਜੋ ਬੁੰਗੇ ਇੰਡੀਆ ਦੇ ਸਹਿਯੋਗ ਸਦਕਾ ਸਾਕਾਰ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਬਾਅਦ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ ਸਾਇਕਲਿੰਗ ਲੇਨ ਨੂੰ ਬਹੁਤ ਜਲਦ ਸ਼ੁਰੂ ਤਿਆਰ ਕਰਕੇ ਸਾਇਕਲ ਚਾਲਕਾਂ ਦੇ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਇਕਲਿੰਗ ਲੇਨ ਚਲਾਉਣ ਤੋਂ ਬਾਅਦ ਸ਼ਹਿਰੀਆਂ ਦੀ ਫੀਡਬੈਕ ਵੀ ਲਈ ਜਾਵੇਗੀ ਅਤੇ ਇਸ 'ਚ ਹੋਰ ਸੁਧਾਰ ਕੀਤੇ  ਜਾਣਗੇ। ਉਨ੍ਹਾਂ ਕਿਹਾ ਕਿ ਸਾਇਕਲ ਚਲਾਉਣਾ ਜਿੱਥੇ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਉਥੇ ਹੀ ਸੜਕੀ ਹਾਦਸਿਆਂ 'ਚ ਵੀ ਕਮੀ ਆਉਂਦੀ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਪਰਾਲਾ ਸ਼ਹਿਰ ਨੂੰ ਪੈਦਲ ਚੱਲਣ ਵਾਲਿਆਂ ਤੇ ਸਾਇਕਲਿਸਟਾਂ ਲਈ ਸੁਰੱਖਿਅਤ ਰਾਹਦਾਰੀ ਪ੍ਰਦਾਨ ਕਰਨ ਵੱਲ ਇੱਕ ਸਾਰਥਿਕ ਕਦਮ ਹੈ, ਜੋ ਕਿ ਸਾਡੇ ਵਾਤਾਵਰਣ ਨੂੰ ਵੀ ਬਚਾਉਣ 'ਚ ਸਹਾਈ ਹੋਵੇਗਾ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਇਸ ਪਹਿਲੀ ਸਾਇਕਲਿੰਗ ਟਰੈਕ ਦੇ ਪ੍ਰਾਜੈਕਟ ਨੂੰ ਅਗਲੇ ਹਫ਼ਤੇ ਤੱਕ ਮੁਕੰਮਲ ਕਰਨ ਲਈ ਬੁੰਗੇ ਇੰਡੀਆ ਦੇ ਪਲਾਂਟ ਕਮਰਸ਼ੀਅਲ ਮੁਖੀ ਅਜੇ ਸਿੰਗਲਾ, ਐਚ.ਆਰ. ਮੈਨੇਜਰ ਸੰਦੀਪ ਸ਼ਰਮਾ ਤੇ ਵਾਤਾਵਰਣ ਮੈਨੇਜਰ ਸਚਿਨ ਵੋਹਰਾ ਸਮੇਤ ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਡੀ.ਐਸ.ਪੀ. ਟ੍ਰੈਫਿਕ ਕਰਮਵੀਰ ਤੂਰ, ਰੋਡ ਸੇਫ਼ਟੀ ਇੰਜੀਨੀਅਰ ਸ਼ਵਿੰਦਰਜੀਤ ਬਰਾੜ ਨਾਲ ਮੀਟਿੰਗ ਕੀਤੀ।  ਇਸ ਮੌਕੇ ਲੋਕ ਨਿਰਮਾਣ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ ਤੇ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਐਸ.ਡੀ.ਓ. ਗਰਿਮਾ ਗਰਗ ਵੀ ਮੌਜੂਦ ਸਨ।