ਸਾਉਣੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ

ਫਰੀਦਕੋਟ 24 ਅਗਸਤ : ਪੰਜਾਬ ਸਰਕਾਰ ਅਤੇ ਡਾ. ਗੁਰਵਿੰਦਰ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਪਿੰਡ ਕੋਟਸੁਖੀਆ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਲਗਭਗ 80 ਕਿਸਾਨਾਂ ਨੇ ਭਾਗ ਲਿਆ। ਇਸ ਸਮੇਂ ਉਨ੍ਹਾਂ ਦੀ ਟੀਮ ਵਿੱਚ ਡਾ. ਦਵਿੰਦਰਪਾਲ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਸਰਕਲ ਕੋਟਸੁਖੀਆ, ਡਾ. ਸਤਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਅਤੇ ਡਾ. ਗੁਰਬਚਨ ਸਿੰਘ, ਖੇਤੀਬਾੜੀ ਵਿਸਥਾਰ ਅਫਸਰ, ਸਰਕਲ ਸਾਦਿਕ ਹਾਜ਼ਰ ਸਨ। ਡਾ. ਗਿੱਲ ਵੱਲੋਂ ਕਿਸਾਨਾਂ ਨੂੰ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਿਸਾਨ ਪੀ.ਐਮ. ਸਨਮਾਨ ਨਿਧੀ ਯੋਜਨਾ ਤਹਿਤ ਆਪਣਾ ਸਟੇਟਸ ਚੈੱਕ ਕਰਦੇ ਰਹਿਣ ਅਤੇ ਜਿਹੜੇ ਕਿਸਾਨਾਂ ਨੇ ਅਜੇ ਤੱਕ ਆਪਣੀ ਈ.ਕੇ.ਵਾਈ.ਸੀ. ਨਹੀਂ ਕਰਵਾਈ ਉਹ ਜਲਦ ਤੋਂ ਜਲਦ ਆਪਣੀ ਈ.ਕੇ.ਵਾਈ.ਸੀ. ਕਰਵਾ ਲੈਣ ਤਾਂ ਜੋ ਉਹਨਾਂ ਨੂੰ ਸਕੀਮ ਦਾ ਲਾਭ ਮਿਲਦਾ ਰਹੇ। ਇਸ ਮੌਕੇ ਡਾ. ਗੁਰਬਚਨ ਸਿੰਘ ਨੇ ਕਿਸਾਨਾਂ ਨਾਲ ਨਰਮੇਂ ਦੀ ਫਸਲ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਿਸਾਨ 13:0:45 ਦੀਆਂ 04 ਸਪਰੇਆਂ ਤੇ ਮੈਗਨੀਜ਼ ਸਲਫੇਟ ਦੀਆਂ 02 ਸਪਰੇਆਂ ਕਰਕੇ ਇਸ ਮਹੀਨੇ ਹੀ ਖਤਮ ਕਰ ਦੇਣ ਅਤੇ ਨਾਲ ਹੀ ਕਿਸਾਨ ਨਰਮੇਂ ਦੀ ਫਸਲ ਦਾ ਸਰਵੇਖਣ ਲਗਾਤਾਰ ਕਰਦੇ ਰਹਿਣ ਤਾਂ ਜੋ ਜੇਕਰ ਗੁਲਾਬੀ ਸੁੰਡੀ ਦਾ ਹਮਲਾ ਹੁੰਦਾ ਹੈ ਤਾਂ ਉਸਦਾ ਸਮੇਂ ਸਿਰ ਪਤਾ ਲੱਗ ਸਕੇ ਅਤੇ ਉਸਦਾ ਢੁੱਕਵਾਂ ਹੱਲ ਹੋ ਸਕੇ। ਡਾ. ਸਤਵਿੰਦਰ ਸਿੰਘ ਨੇ ਕਿਸਾਨਾਂ ਨਾਲ ਝੋਨੇ ਅਤੇ ਬਾਸਮਤੀ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਬੈਨ ਕੀਤੀਆਂ 10 ਜ਼ਹਿਰਾਂ ਦੀ ਵਰਤੋਂ ਬਾਸਮਤੀ ਉੱਪਰ ਨਾ ਕਰਨ ਤਾਂ ਜੋ ਬਾਸਮਤੀ ਨੂੰ ਐਕਸਪੋਰਟ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਡਾ. ਦਵਿੰਦਰਪਾਲ ਸਿੰਘ ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਦੀ ਵਿਧੀ ਅਤੇ ਇਸਦੀ ਮਹੱਤਤਾ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਕੈਂਪ ਦਾ ਪ੍ਰਬੰਧ ਸ੍ਰੀ ਰਣਬੀਰ ਸਿੰਘ, ਖੇਤੀਬਾੜੀ ਉਪ ਨਿਰੀਖਕ ਵੱਲੋਂ ਕੀਤਾ ਗਿਆ। ਇਸ ਕੈਂਪ ਦੇ ਅੰਤ ਵਿਚ ਹਾਜ਼ਰ ਕਿਸਾਨਾਂ ਨੂੰ ਖੇਤੀ ਸਾਹਿਤ ਵੰਡਿਆ ਗਿਆ।