ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਫਿਰੋਜ਼ਪੁਰ, 26 ਜੂੁਨ : ਡਿਪਟੀ ਕਮਿਸ਼ਨਰ ਫਿਰੋਜਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਰਜਿੰਦਰ ਪਾਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਵਿਖੇ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਾਗਰੂਕਤਾ ਸਭਾ ਦੌਰਾਨ ਸਿਵਲ ਸਰਜਨ ਡਾ. ਰਜਿੰਦਰ ਪਾਲ ਨੇ  ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵੱਖ-ਵੱਖ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ। ਨਸ਼ਿਆਂ ਨਾਲ ਪੀੜਤ ਵਿਅਕਤੀ ਇਕ ਕਿਸਮ ਦਾ ਮਰੀਜ਼ ਹੁੰਦਾ ਹੈ, ਇਸ ਲਈ ਨਸ਼ਾ ਕਰਨ ਵਾਲਾ ਵਿਅਕਤੀ ਸਰੀਰਕ ਤੌਰ ‘ਤੇ ਜਿਗਰ, ਫੇਫੜੇ, ਦਿਲ, ਮਨੁੱਖੀ ਸਰੀਰ ਦਾ ਅੰਦਰੂਨੀ ਨਾੜੀ ਤੰਤਰ ਤੋਂ ਇਲਾਵਾ ਮਾਨਸਿਕ ਤੌਰ ‘ਤੇ ਨੀਂਦ ਨਾ ਆਉਣਾ, ਗੁੱਸਾ ਕਰਨਾ, ਵਹਿਮ ਭਰਮ ਹੋਣਾ,ਕੰਮ ਵਿੱਚ ਦਿਲਚਸਪੀ ਨਾ ਲੈਣਾ ਅਤੇ ਆਰਥਿਕ ਪੱਖ ਤੋਂ ਪੀੜਤ ਹੁੰਦਾ ਹੈ, ਜਿਸਨੂੰ ਇਲਾਜ ਦੀ ਸਖ਼ਤ ਜਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਨਾਲ ਵਿਤਕਰੇ ਦੀ ਥਾਂ ਤੇ ਪਿਆਰ ਅਤੇ ਅਪਣੱਤ ਦੀ ਭਾਵਨਾ ਨਾਲ ਉਸ ਨੂੰ ਇਸ ਸਮੱਸਿਆ ਵਿਚੋਂ ਕੱਢਣ ਦਾ ਯਤਨ ਕਰੇ। ਡਾ. ਰਜਿੰਦਰ ਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਮੈਂਟਲ ਹੈਲਥ ਪ੍ਰੋਗਰਮ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਤਹਿਤ ਜ਼ਿਲ੍ਹੇ ਵਿੱਚ ਨਸ਼ਾ ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਪੰਜਾਬ ਵਿੱਚ ਨਸ਼ਾ ਪੀੜ੍ਹਤਾਂ ਦੇ ਇਲਾਜ ਲਈ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ, ਓਟ ਕਲੀਨਿਕਾਂ ਅਤੇ ਪੁਨਰਵਾਸ ਕੇਂਦਰਾਂ ਵਿੱਚ ਮਨੋਚਿਕਿਤਸਕ, ਕਾਊਂਸਲਰ, ਸ਼ੋਸ਼ਲ ਵਰਕਰ ਅਤੇ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਤਨਾਇਤ ਕੀਤਾ ਗਿਆ ਹੈ।ਉਨ੍ਹਾਂ ਅਪੀਲ ਕੀਤੀ ਕਿ ਆਮ ਲੋਕ ਵੀ ਸਰਕਾਰ ਦੀ ਇਸ ਨਸ਼ਾ ਵਿਰੋਧੀ ਮੁਹਿੰਮ ਵਿਚ ਆਪਣਾ ਸਹਿਯੋਗ ਦੇਣ ਤਾਂ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਸ ਨਸ਼ਿਆਂ ਰੂਪੀ ਦਲਦਲ ਤੋਂ ਬਚਾਇਆ ਜਾ ਸਕੇ ਅਤੇ ਪੰਜਾਬ ਤਰੱਕੀ ਦੇ ਰਾਹ ਤੇ ਹੋਰ ਅੱਗੇ ਵਧ ਸਕੇ।