ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਆਗੂਆਂ ਨੇ ਦਿੱਤੀਆਂ ਸ਼ਰਧਾਂਜਲੀਆਂ

ਮੁੱਲਾਂਪੁਰ ਦਾਖਾ, 16,ਨਵੰਬਰ (ਸਤਵਿੰਦਰ  ਸਿੰਘ ਗਿੱਲ) : ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 108ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੇਸ਼ ਦੀਆਂ ਸੰਗਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉੱਥੇ ਹੀ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਉਹਨਾਂ ਦੇ ਚੌਂਕ ਵਿੱਚ ਲੱਗੇ ਸਰੂਪ ਦੇ ਬਿਲਕੁਲ ਸਾਹਮਣੇ ਸਰਾਭਾ ਪੰਥਕ ਮੋਰਚੇ ਅਤੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਸੰਬੋਧਨ ਕਰਦਿਆਂ ਆਖਿਆ ਕਿ ਨਿੱਕੀ ਉਮਰੇ ਵੱਡੀ ਕੁਰਬਾਨੀ ਕਰਨ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮੇਂ ਦੀਆਂ ਸਰਕਾਰਾਂ ਨੇ ਅਣਗੌਲ ਕਰਕੇ ਰੱਖਿਆ, ਉਨਾਂ ਨੂੰ ਬਣਦਾ ਸਤਿਕਾਰ ਅੱਜ ਤੱਕ ਨਹੀਂ ਦਿੱਤਾ।  ਲੱਗਦਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸਿਰ ਤੇ ਬੰਨੀ ਦਸਤਾਰ ਲੀਡਰਾਂ ਦੇ ਅੱਖਾਂ ਵਿੱਚ ਰੜਕਦੀ ਹੈ ਜੋ ਸਤਿਕਾਰ ਸ਼ਹੀਦ ਭਗਤ ਸਿੰਘ ਨੂੰ ਦੇ ਰਹੀਆਂ ਨੇ ਉਹ ਸ਼ਹੀਦ‌ ਕਰਤਾਰ ਸਿੰਘ ਸਰਾਭੇ ਨੂੰ ਆਖਰ ਕਿਉਂ ਨਹੀਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਿਲਾ ਲੁਧਿਆਣੇ ਦੇ ਪ੍ਰਧਾਨ ਜਸਵੰਤ ਸਿੰਘ ਚੀਮਾ ਆਖਿਆ ਕਿ ਗ਼ਦਰੀ ਬਾਬਿਆਂ ਨੇ ਅਮਰੀਕਾ ਦੀ ਧਰਤੀ ਤੇ ਜਥੇਬੰਦ ਹੋ ਕੇ ਗ਼ਦਰ ਪਾਰਟੀ ਦੇ ਝੰਡੇ ਥੱਲੇ ਜੋ ਸੰਘਰਸ਼ ਕੀਤਾ ਉਹ ਗੋਰੀ ਸਰਕਾਰ ਦੀ ਚੂਲ ਹਿਲਾ ਦਿੱਤੀ। ਜਿਸ ਕਰਕੇ ਅੰਗਰੇਜ਼ਾਂ ਨੂੰ ਦੇਸ਼ ਛੱਡ ਕੇ ਭੱਜਣਾ ਪਿਆ। ਪਰ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਸਭ ਤੋਂ ਪਹਿਲਾਂ ਗਾਂਧੀ ਤੇ ਨਹਿਰੂ ਨੇ ਸਿੱਖਾਂ ਦੇ ਨਾਲ ਧੋਖਾ ਕੀਤਾ। ਇਸੇ ਕਰਕੇ ਹੀ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਆਖਿਆ ਸੀ ਕਿ ਗੋਰਿਆਂ ਦੇ ਨਾਲ ਸੰਘਰਸ਼ ਕਰਦੇ ਸਮੇਂ ਮੈਨੂੰ ਭੋਰਾ ਵੀ ਥਕਾਵਟ ਮਸ਼ਹੂਸ ਨਹੀਂ ਹੋਈ। ਜਿੰਨੀਆਂ ਕਠਨਾਈਆਂ ਦਾ ਸਾਹਮਣਾ ਇਹ ਕਾਲੇ ਅੰਗਰੇਜ਼ਾਂ ਦੇ ਰਾਜ ਵਿੱਚ ਸਾਨੂੰ ਕਰਨਾ ਪੈ ਰਿਹਾ ਹੈ। ਅਸੀਂ ਉਦੋਂ ਤੱਕ ਸੰਘਰਸ਼ ਕਰਾਂਗੇ ਜਦੋਂ ਤੱਕ ਸਮੁੱਚੀ ਸਿੱਖ ਕੌਮ ਨੂੰ ਉਨਾਂ ਦੇ ਹੱਕ ਨਹੀਂ ਮਿਲ ਜਾਂਦੇ । ਇਸ ਲਈ ਸਾਨੂੰ ਵੀ ਆਪਣੀ ਅਸਲੀ ਆਜ਼ਾਦੀ ਲਈ ਇਹ ਸੰਘਰਸ਼ ਜਾਰੀ ਰੱਖਣਾ ਪਵੇਗਾ। ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਆਖਿਆ ਕਿ ਸਾਡੇ ਮਹਾਨ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੇ ਕੁਰਬਾਨੀ ਇਸ ਕਰਕੇ ਨਹੀਂ ਸੀ ਦਿੱਤੀ ਕਿ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਅਸਲ ਵਾਰਿਸ ਜੇਲਾਂ 'ਚ ਧੱਕੇ ਨਾਲ ਡੱਕ ਕੇ ਰੱਖੇ ਜਾਣ। ਇਥੋਂ ਤੱਕ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਅੱਜ ਆਪਣੇ ਹੱਕਾਂ ਤੋਂ ਵਾਂਝੇ ਰਹਿਣ। ਸਰਾਭਾ ਪੰਥਕ ਮੋਰਚੇ ਦੇ ਆਗੂ ਬਲਦੇਵ ਸਿੰਘ ਸਰਾਭਾ,ਮਾ: ਦਰਸ਼ਨ ਸਿੰਘ ਰਕਬਾ ਸ਼ਹੀਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੇ ਆਪਣੀ ਪੜਾਈ ਵਿਚਕਾਰ ਛੱਡ ਕੇ ਆਪਣੇ ਤੋਂ ਵੱਡੀ ਉਮਰ ਦੇ ਗ਼ਦਰੀ ਬਾਬਿਆਂ ਦਾ ਬਾਲਾ ਜਰਨੈਲ ਬਣ ਕੇ ਸੰਘਰਸ਼ ਕਰਦੇ ਰਿਹੇ। ਜਿੱਥੇ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਮੁੱਢ ਤੋਂ ਹੀ ਨਕਾਰ ਕੇ ਰੱਖਿਆ। ਜੋ ਸਤਿਕਾਰ ਮਹਾਨ ਗ਼ਦਰੀ ਬਾਬੇ ਸ਼ਹੀਦ ਸਰਾਭੇ ਨੂੰ ਮਿਲਣਾ ਚਾਹੀਦਾ ਸੀ ਉਹ ਅੱਜ ਤੱਕ ਨਹੀਂ ਮਿਲਿਆ। ਉਹਨਾਂ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਮੌਕੇ ਸਰਕਾਰਾਂ ਦੇ ਲੀਡਰ ਆਉਂਦੇ ਜਰੂਰ ਹਨ। ਪਰ ਜੋ ਵਾਅਦੇ ਕਰਦੇ ਹਨ ਉਹ ਟਾਈਮ ਪੈ ਕੇ ਲਾਰੇ ਰਹਿ ਜਾਂਦੇ ਹਨ। ਉਨਾਂ ਨੇ ਆਖਰ ਵਿੱਚ ਆਖਿਆ ਕਿ ਸਾਨੂੰ ਆਪਣੇ ਗ਼ਦਰੀ ਬਾਬਿਆਂ ਦੇ ਰਾਹਾਂ ਤੇ ਚੱਲ ਕੇ ਆਪਣੇ ਹੱਕਾਂ ਲਈ ਸੰਘਰਸ਼ ਤੇਜ਼ ਕਰਨਾ ਪਵੇਗਾ ਤਾਂ ਜੋ ਅਸੀਂ ਆਪਣੀਆਂ ਹੱਕੀ ਮੰਗਾਂ ਤੇ ਜਲਦੀ ਜਿੱਤ ਪ੍ਰਾਪਤ ਕਰ ਸਕੀਏ। ਇਸ ਸਮੇਂ ਸ:ਜਗਜੀਤ ਸਿੰਘ ਤਲਵੰਡੀ ਵੱਲੋਂ ਸੰਗਤਾਂ ਲਈ ਚਾਹ ਪ੍ਰਸ਼ਾਦਿਆਂ ਦੀ ਸੇਵਾ ਕੀਤੀ ਗਈ ਅਤੇ ਗੁਰਦੁਆਰਾ ਭਾਈ ਬੂੜਾ ਸਾਹਿਬ ਮਨਸੂਰਾਂ ਦੇ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਰਿਵਾਰ ਚੋਂ ਬਾਬਾ ਬੰਤ ਸਿੰਘ ਮਹੌਲੀ ਖੁਰਦ, ਬੀਬੀ ਮਨਜੀਤ ਕੌਰ ਦਾਖਾ, ਡੋਗਰ ਸਿੰਘ ਟੂਸੇ, ਬੀਬੀ ਪਰਮਜੀਤ ਕੌਰ ਖਾਲਸਾ ਹੰਬੜਾਂ,ਰਾਜਵੀਰ ਸਿੰਘ ਲੋਹਟਬੱਧੀ, ਅਸਰਾ ਸਿੰਘ ਸਰਾਭਾ ਮੋਟਰਜ ਵਾਲੇ,ਸਤਿੰਦਰ ਸਿੰਘ ਖੰਡੂਰ, ਦਵਿੰਦਰ ਸਿੰਘ ਸੁਧਾਰ,ਤਰਸੇਮ ਸਿੰਘ ਸਰਾਭਾ, ਮਨਜੀਤ ਸਿੰਘ ਸਰਾਭਾ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।