ਦਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਸਮਾਜਿਕ ਬੁਰਾਈਆਂ ਦੇ ਖਾਤਮੇ ਦੀ ਅਪੀਲ

  • ਕਿਹਾ, ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਸਾਨੂੰ ਸਾਡੇ ਅਮੀਰ ਵਿਰਸੇ ਦੀ ਯਾਦ ਦਿਵਾਉਂਦਾ ਹੈ

ਬੱਸੀ ਪਠਾਣਾਂ 25 ਅਕਤੂਬਰ  : ਦਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਲੋਕਾਂ ਨੂੰ  ਸਮਾਜਿਕ ਬੁਰਾਈਆਂ ਦੇ ਖਾਤਮੇ ਦਾ ਸੱਦਾ ਦਿੱਤਾ। ਅੱਜ ਇੱਥੇ ਰਾਮਲੀਲਾ ਕਮੇਟੀ, ਬੱਸੀ ਪਠਾਣਾਂ ਵੱਲੋਂ ਕਰਵਾਏ ਦਸਹਿਰੇ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਦਸਹਿਰੇ ਦੇ ਪਵਿੱਤਰ ਮੌਕੇ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਸਾਨੂੰ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਦੀ ਯਾਦ ਦਿਵਾਉਂਦਾ ਹੈ। ਸਾਡੇ ਦੇਸ਼ ਦੀ ਇਹ ਤਿਉਹਾਰ ਮਨਾਉਣ ਦੀ ਸਦੀਆਂ ਪੁਰਾਣੀ ਪਰੰਪਰਾ ਹੈ ਜੋ ਸਮਾਜ ਵਿੱਚ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਬਰਾਬਰੀ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਲਈ ਆਦਰਸ਼ ਜੀਵਨ ਦਾ ਮਾਰਗ ਦਰਸਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।ਸ. ਹੈਪੀ ਨੇ ਲੋਕਾਂ ਨੂੰ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰ ਕੇ ਇਸ ਖੁਸ਼ੀ ਦੇ ਮੌਕੇ ਨੂੰ ਸਾਂਝੇ ਤੌਰ ਉੱਤੇ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਤਿਉਹਾਰ ਨੂੰ ਜਾਤ-ਪਾਤ, ਨਸਲ ਅਤੇ ਰੰਗ-ਭੇਦ ਤੋਂ ਉੱਪਰ ਉੱਠ ਕੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਇਸ ਦਿਨ ਸਾਨੂੰ ਸਾਰੀਆਂ ਸਮਾਜਿਕ ਬੁਰਾਈਆਂ ਤੋਂ ਛੁਟਕਾਰਾ ਪਾ ਕੇ ਆਪਣੇ ਸੂਬੇ ਨੂੰ ਦੇਸ਼ ਦਾ ਮੋਹਰੀ ਬਣਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਦ੍ਰਿੜ੍ਹ ਰਹਿਣ, ਆਪਣੇ ਗੁੱਸੇ ਨੂੰ ਕਾਬੂ ਵਿਚ ਰੱਖਣ ਅਤੇ ਨਫ਼ਰਤ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਤਿਉਹਾਰ ਨਾ ਸਿਰਫ਼ ਸਾਡੇ ਪ੍ਰੇਰਨਾ ਸਰੋਤ ਹਨ, ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਅਮੀਰ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਵਿੱਚ ਵੀ ਰਾਹ ਦਸੇਰਾ ਹਨ। ਉਨ੍ਹਾਂ ਕਿਹਾ ਕਿ ਦਸਹਿਰੇ ਦਾ ਅਸਲ ਮਹੱਤਵ ਪਿਆਰ, ਭਾਈਚਾਰਕ ਸਾਂਝ ਅਤੇ ਫਿਰਕੂ ਸਦਭਾਵਨਾ ਦੇ ਜ਼ਰੀਏ ਅਨਿਆਂ, ਬੁਰਾਈ ਅਤੇ ਹਉਮੈ ਵਿਰੁੱਧ ਲੜਨਾ ਹੈ। ਹਲਕਾ ਵਿਧਾਇਕ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਨੂੰ ਬੁਲੰਦੀ 'ਤੇ ਲਿਜਾਣ ਲਈ ਇਨ੍ਹਾਂ ਤਿਉਹਾਰਾਂ ਸਬੰਧੀ ਸਿੱਖਿਆਵਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ।ਇਸ ਮੌਕੇ ਪ੍ਰਬੰਧਕਾਂ ਵਲੋਂ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ, ਉਹਨਾਂ ਦੇ ਪਿਤਾ ਸੂਬੇਦਾਰ ਜਗਜੀਤ ਸਿੰਘ ਤੇ ਡੀ.ਐੱਸ.ਪੀ. ਮੋਹਿਤ ਸਿੰਗਲਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ।