ਹੁਣ ਤੋਂ ਘਰ ਬੈਠ ਕੇ ਹੀ ਮਰੀਜ਼ ਦੇਖ ਸਕਦੇ ਹਨ ਆਪਣੀਆਂ ਰਿਪੋਰਟਾਂ

  • ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਆਨਲਾਈਨ ਪੋਰਟਲ ਦਾ ਹੋਇਆ ਉਦਘਾਟਨ
  • ਸਿਹਤ ਮੰਤਰੀ ਸ. ਬਲਬੀਰ ਸਿੰਘ ਨੇ ਜਨਤਾ ਦੇ ਸਪੂਰਦ ਕੀਤੀ ਇਹ ਸਹੂਲਤ

ਫਰੀਦਕੋਟ 22  ਸਤੰਬਰ : ਸੂਬਿਆਂ ਦੇ ਹਸਪਤਾਲਾਂ ਅਤੇ ਯੂਨੀਵਰਸਿਟੀਆਂ ਵਿੱਚ ਮਰੀਜ਼ਾਂ ਦੀ ਖੱਜਲ ਖੁਆਰੀ ਨੂੰ ਘਟਾਉਣ ਦੇ ਮੰਤਵ ਨਾਲ ਅੱਜ ਬਾਬਾ ਫਰੀਦ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਇੱਕ ਆਨਲਾਈਨ ਪੋਰਟਲ, ਨੈਕਸਟਜੈਨ ਈ-ਹਸਪਤਾਲ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬੋਲਦਿਆਂ ਡਾ. ਸਿਹਤ ਮੰਤਰੀ ਸ. ਬਲਬੀਰ ਸਿੰਘ ਨੇ ਕਿਹਾ ਕਿ ਇਸ ਪੋਰਟਲ ਦੇ ਸ਼ੁਰੂ ਹੋਣ ਨਾਲ ਹਸਪਤਾਲ ਦਾ ਸਾਰਾ ਕੰਮ ਜਿਵੇਂ ਕਿ ਓ ਪੀ ਡੀ , ਆਈ ਪੀ ਡੀ, ਬਿਲਡਿੰਗ, ਲੈਬ ਰਿਕਾਰਡ, ਬਲੱਡ ਬੈਂਕ ਰਿਕਾਰਡ ਅਤੇ ਸਟਾਕ ਵਗੈਰਾ ਕੰਪਿਊਟਰਈਕ੍ਰਿਤ ਹੋ ਜਾਵੇਗਾ । ਆਉਣ ਵਾਲੇ ਕੁਝ ਹੀ ਸਮੇ ਵਿੱਚ ਮਰੀਜ਼ ਆਪਣੀ ਪਰਚੀ ਘਰ ਬੈਠੇ ਹੀ ਆਨਲਾਈਨ ਬਣਾ ਸਕਣਗੇ ਅਤੇ ਲੈਬ ਰਿਪੋਟਾਂ ਵੀ ਘਰ ਬੈਠੇ ਹੀ ਦੇਖ ਸਕਣਗੇ। ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਵਿਖੇ ਇੱਕ ਉੱਚ-ਸਮਰੱਥਾ ਵਾਲੇ ਮੈਨਿਕਿਨਾਂ ਨਾਲ ਲੈਸ ਇੱਕ ਸਕਿੱਲ ਲੈਬ ਦਾ ਵੀ ਉਦਘਾਟਨ ਕੀਤਾ ਜੋ ਕਿ ‘ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐਸ.ਏ.ਆਈ.ਡੀ.)’ ਦੀ ਮਦਦ ਨਾਲ ਬਣਾਈ ਗਈ ਹੈ। ਇਹ ਸਿਮੂਲੇਸ਼ਨ-ਅਧਾਰਿਤ ਸਿਖਲਾਈ ਲੈਬ ਜੀਵਨ ਨੂੰ ਖਤਰੇ ਵਿੱਚ ਪਾਏ ਬਿਨਾਂ ਕਲੀਨੀਕਲ ਹੁਨਰ ਦਾ ਅਭਿਆਸ ਕਰਨ ਦੀ ਸਹੂਲਤ ਦੇਵੇਗੀ, ਅਤੇ ਸਿਖਲਾਈਕਰਤਾ ਦੇ ਆਤਮ-ਵਿਸ਼ਵਾਸ ਵਿੱਚ ਵਾਧਾ ਕਰੇਗੀ। ਇਸ ਲੈਬ ਨੂੰ ਸਥਾਪਿਤ ਕਰਨ ਲਈ ਏਜੰਸੀ ਵਲੋਂ ਲਗਭਗ 5 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ ਅਤੇ ਰਾਜ ਵਿੱਚ ਕਿਸੇ ਵੀ ਸਰਕਾਰੀ ਮੈਡੀਕਲ ਕਾਲਜ ਵਿੱਚ ਇਹ ਪਹਿਲੀ ਲੈਬ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਲੈਬ ਦੇ ਸ਼ੁਰੂ ਹੋਣ ਨਾਲ ਮੈਡੀਕਲ ਲੈਬ ਦੇ ਵਿਦਿਆਰਥੀਆਂ ਨੂੰ ਆਪਣਾ ਪ੍ਰੈਕਟੀਕਲ ਕਰਨ ਅਤੇ ਨਿਰੀਖਣ ਕਰਨ ਵਿੱਚ ਵੱਡੀ ਸੁਵਿਧਾ ਮਿਲੇਗੀ ਕਿਉਂਕਿ ਪਹਿਲਾਂ ਇਹ ਪ੍ਰੈਕਟੀਕਲ ਮਰੀਜਾਂ ਅਤੇ ਪ੍ਰੈਕਟੀਕਲ ਲਈ ਰੱਖੀ ਗਈ ਬਾਡੀ ਉੱਤੇ ਹੀ ਕੀਤੇ ਜਾਂਦੇ ਸਨ ਅਤੇ ਇੱਕ ਬਾਡੀ ਉੱਪਰ ਵੱਧ ਤੋਂ ਵੱਧ ਦੱਸ ਵਿਦਿਆਰਥੀ ਹੀ ਪ੍ਰੈਕਟੀਕਲ ਕਰ ਸਕਦੇ ਸਨ। ਲੈਬ ਦੇ ਸ਼ੁਰੂ ਹੋ ਜਾਣ ਨਾਲ ਪ੍ਰੈਕਟੀਕਲ ਕਰਨ ਲਈ ਵਿਦਿਆਰਥੀਆਂ ਨੂੰ ਮਰੀਜਾਂ ਅਤੇ ਬਾਡੀ ਦੀ ਜ਼ਰੂਰਤ ਨਹੀਂ ਪਵੇਗੀ। ਇਸ ਮੌਕੇ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ, ਸ੍ਰੀ ਰਾਜੀਵ ਸੂਦ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ,ਪ੍ਰਿੰਸੀਪਲ ਡਾ. ਸੰਜੇ ਗੁਪਤਾ ਅਤੇ ਹੋਰ ਡਾਕਟਰ ਅਤੇ ਸਟਾਫ ਹਾਜ਼ਰ ਸਨ।